ਚੰਡੀਗੜ੍ਹ: ਪੰਜਾਬ ਨਾਲ ਸੰਬੰਧਤ ਹੋਣਹਾਰ ਚਿਹਰੇ ਸੁਪਨਿਆਂ ਦੀ ਨਗਰੀ ਮੁੰਬਈ ਵਿਚ ਲਗਾਤਾਰ ਆਪਣੀ ਵਿਲੱਖਣ ਹੋਂਦ ਅਤੇ ਪ੍ਰਤਿਭਾ ਦਾ ਲੋਹਾ ਮੰਨਵਾ ਰਹੇ ਹਨ, ਜਿੰਨ੍ਹਾਂ ਦੀ ਲੜੀ ਨੂੰ ਹੋਰ ਖ਼ੂਬਸੂਰਤ ਰੂਪ ਦੇਣ ਜਾ ਰਹੀ ਪੰਜਾਬਣ ਮੁਟਿਆਰ ਹਰਸ਼ਿਤਾ ਸਿੰਘ।
ਹਰਸ਼ਿਤਾ ਸਿੰਘ ਸ਼ੁਰੂ ਹੋਣ ਜਾ ਰਹੀ ਹਿੰਦੀ ਫਿਲਮ ‘ਮਿਸਟਰ ਗਾਇਬ’ ਦੁਆਰਾ ਬਾਲੀਵੁੱਡ ’ਚ ਸ਼ਾਨਦਾਰ ਡੈਬਿਊ ਕਰੇਗੀ। ਹਿੰਦੀ ਸਿਨੇਮਾ ਜਗਤ ਵਿਚ ਬਤੌਰ ਗੀਤਕਾਰ ਵੱਡਾ ਅਤੇ ਸਫ਼ਲ ਨਾਂਅ ਮੰਨੇ ਜਾਂਦੇ ਅਸ਼ੋਕ ਪੰਜਾਬੀ ਵੱਲੋਂ ਫ਼ਿਲਮਕਾਰ ਦੇ ਤੌਰ 'ਤੇ ਪਹਿਲੀ ਨਿਰਦੇਸ਼ਿਤ ਇਸ ਫਿਲਮ ਵਿਚ ਮੁੰਬਈ ਨਗਰੀ ਦੇ ਕਈ ਦਿੱਗਜ ਅਤੇ ਨਾਮੀ ਕਲਾਕਾਰ ਮਹੱਤਵਪੂਰਨ ਭੂਮਿਕਾਵਾਂ ਨਿਭਾ ਰਹੇ ਹਨ, ਜਿੰਨ੍ਹਾਂ ਵਿਚ ਰਣਜੀਤ, ਅਰੁਣ ਬਖ਼ਸੀ, ਜਿੰਮੀ ਮੋਜ਼ਿਜ਼, ਰੋਹਿਤ ਪਿਆਰੇ ਆਦਿ ਸ਼ਾਮਿਲ ਹਨ।
ਨਿਰਮਾਤਾ ਵਿਜੇ ਛਤੋਲੇ ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਨਾਲ ਸਿਲਵਰ ਸਕਰੀਨ ਡੈਬਿਊ ਕਰਨ ਜਾ ਰਹੀ ਖੂਬਸੂਰਤ ਅਤੇ ਪ੍ਰਤਿਭਾਸ਼ਾਲੀ ਅਦਾਕਾਰਾ ਹਰਸ਼ਿਤਾ ਅਨੁਸਾਰ ਥ੍ਰਿਲਰ ਭਰਪੂਰ ਅਤੇ ਡ੍ਰਾਮੇਟਿਕ ਵਿਸ਼ੇ ਦੁਆਲੇ ਕੇਂਦਰਿਤ ਹੈ, ਉਨ੍ਹਾਂ ਦੀ ਇਹ ਪਹਿਲੀ ਹਿੰਦੀ ਫਿਲਮ, ਜਿਸ ਵਿਚ ਉਨ੍ਹਾਂ ਨੂੰ ਕਾਫ਼ੀ ਚੁਣੌਤੀ ਵਾਲੀ ਲੀਡ ਭੂਮਿਕਾ ਨਿਭਾਉਣ ਦਾ ਅਵਸਰ ਮਿਲਿਆ ਹੈ।
ਫਿਲਮ ਦੀ ਕਹਾਣੀ: ਉਨ੍ਹਾਂ ਦੱਸਿਆ ਕਿ ‘ਸਨ ਸਨੇਹਾ’ ਫ਼ਿਲਮਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫਿਲਮ ਵਿਚਲਾ ਉਨ੍ਹਾਂ ਦਾ ਕਿਰਦਾਰ ਇਕ ਅਜਿਹੀ ਕੁੜੀ ਦਾ ਹੈ, ਜੋ ਕਾਫ਼ੀ ਤੇਜ਼ ਤਰਾਰ ਹੋਣ ਦੇ ਨਾਲ ਨਾਲ ਆਪਣੇ ਸੁਪਨਿਆਂ ਦੀ ਪੂਰਤੀ ਲਈ ਉਹ ਕੋਈ ਵੀ ਹੀਲਾ ਚਾਹੇ ਉਹ ਕਿੰਨਾਂ ਵੀ ਜੋਖ਼ਮ ਭਰਿਆ ਕਿਉਂ ਨਾ ਹੋਵੇ, ਅਪਨਾਉਣ ਤੋਂ ਪਰਹੇਜ਼ ਨਹੀਂ ਕਰਦੀ। ਉਨ੍ਹਾਂ ਦੱਸਿਆ ਕਿ ਗਰੀਬ ਘਰ ਨਾਲ ਤਾਲੁਕ ਰੱਖਦੀ ਇਸ ਕੁੜੀ ਦੀਆਂ ਚਤੁਰਾਈਆਂ ਅਤੇ ਅਪਣਾਏ ਜਾਂਦੇ ਸੋਰਟ ਕੱਟ ਰਾਹ ਇਕ ਦਿਨ ਉਸ ਲਈ ਢੇਰ ਸਾਰੀਆਂ ਮੁਸ਼ਕਿਲਾਂ ਅਤੇ ਖਤਰਨਾਕ ਹਾਲਾਤ ਪੈਦਾ ਕਰ ਦਿੰਦੇ ਹਨ, ਜਿਸ ਵਿਚੋਂ ਉਹ ਕਿਵੇਂ ਆਪਣੇ ਆਪ ਨੂੰ ਕੱਢਦੀ ਹੈ ਅਤੇ ਕਿਸ ਕਿਸ ਤਰ੍ਹਾਂ ਦੀਆਂ ਕਠਿਨ ਅਤੇ ਦਿਲਚਸਪ ਪ੍ਰਸਥਿਤੀਆਂ ਦਾ ਸਾਹਮਣਾ ਕਰਦੀ ਹੈ, ਇਸੇ 'ਤੇ ਕੇਂਦਰਿਤ ਹੈ ਇਹ ਫਿਲਮ।
ਮੂਲ ਰੂਪ ਵਿਚ ਚੰਡੀਗੜ੍ਹ ਨਾਲ ਸੰਬੰਧਤ ਇਕ ਅਮੀਰ ਪਰਿਵਾਰ ਨਾਲ ਸੰਬੰਧਤ ਹੋਣਹਾਰ ਅਦਾਕਾਰਾ ਹਰਸ਼ਿਤਾ ਅੱਜਕੱਲ ਆਪਣੀ ਗ੍ਰੈਜੂਏਸ਼ਨ ਵੀ ਉਥੋਂ ਦੇ ਹੀ ਡੀ.ਏ.ਵੀ ਕਾਲਜ ਤੋਂ ਮੁਕੰਮਲ ਕਰ ਰਹੀ ਹੈ, ਜਿੰਨ੍ਹਾਂ ਦੱਸਿਆ ਕਿ ਐਕਟਿੰਗ ਖੇਤਰ ਵਿਚ ਉਨ੍ਹਾਂ ਦੇ ਆਡੀਅਲ ਉਨ੍ਹਾਂ ਦੇ ਮਾਤਾ ਜੀ ਹਨ, ਜਿੰਨ੍ਹਾਂ ਵੱਲੋਂ ਦਿੱਤੇ ਹੌਂਸਲੇ ਅਤੇ ਉਤਸ਼ਾਹ ਦੀ ਬਦੌਂਲਤ ਹੀ ਉਹ ਅਭਿਨੈ ਖੇਤਰ ਵਿਚ ਆਪਣੇ ਇਸ ਸ਼ੌਂਕ ਨੂੰ ਪੂਰਾ ਕਰਨ ਦਾ ਮਾਣ ਹਾਸਿਲ ਕਰ ਪਾ ਰਹੀ ਹੈ।
ਪੰਜਾਬੀ ਮਿਊਜ਼ਿਕ ਵੀਡੀਓਜ਼ ਅਤੇ ਸਿਨੇਮਾ ਖਿੱਤੇ ‘ਚ ਚੋਖਾ ਨਾਮਣਾ ਖੱਟ ਰਹੀ ਅਤੇ ਚਰਚਿਤ ਨਾਂਅ ਬਣਦੀ ਜਾ ਰਹੀ ਹਰਸ਼ਿਤਾ ਅਨੁਸਾਰ ਐਕਟਿੰਗ ਉਸ ਲਈ ਜਾਨੂੰਨ ਵਾਂਗ ਹੈ, ਪਰ ਇਸ ਲਈ ਉਹ ਅਭਿਨੈ ਮਿਆਰ ਵੀ ਕਾਇਮ ਰੱਖੇਗੀ, ਜਿਸ ਮੱਦੇਨਜ਼ਰ ਚੁਣਿੰਦਾ ਅਤੇ ਪ੍ਰਭਾਵੀ ਕਹਾਣੀ-ਸੈਟਅੱਪ ਵਾਲੀਆਂ ਫਿਲਮਾਂ ਕਰਨਾ ਹੀ ਉਨ੍ਹਾਂ ਦੀ ਵਿਸ਼ੇਸ਼ ਤਰਜੀਹ ਰਹੇਗੀ।
ਇਹ ਵੀ ਪੜ੍ਹੋ: Punjabi Film Mansooba: ਰਾਣਾ ਰਣਬੀਰ ਦੀ ਨਵੀਂ ਫਿਲਮ 'ਮਨਸੂਬਾ', ਜਲਦ ਸ਼ੁਰੂ ਹੋਵੇਗੀ ਸ਼ੂਟਿੰਗ