ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਅਦਾਕਾਰੀ ਦੇ ਖੇਤਰ ਵਿੱਚ ਕਾਮਯਾਬੀ ਦੇ ਨਵੇਂ ਆਯਾਮ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਸਟਾਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ, ਜੋ ਆਪਣਾ ਨਵਾਂ ਧਾਰਮਿਕ ਗਾਣਾ 'ਸਰਹਿੰਦ' ਲੈ ਕੇ ਸਰੋਤਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਉਨਾਂ ਵੱਲੋਂ ਭਲਕੇ 20 ਦਸੰਬਰ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉੱਪਰ ਰਿਲੀਜ਼ ਕੀਤਾ ਜਾ ਰਿਹਾ ਹੈ।
'ਗਿੱਪੀ ਗਰੇਵਾਲ ਸੰਗੀਤਕ ਲੇਬਲ' ਅਧੀਨ ਜਾਰੀ ਕੀਤੇ ਜਾ ਰਹੇ ਇਸ ਗਾਣੇ ਨੂੰ ਆਵਾਜ਼ ਗਿੱਪੀ ਗਰੇਵਾਲ ਨੇ ਦਿੱਤੀ ਹੈ, ਜਦਕਿ ਇਸ ਦਾ ਮਨ ਨੂੰ ਝਕਝੋਰ ਦੇਣ ਵਾਲਾ ਸੰਗੀਤ ਜੇਪੀ 47 ਦੁਆਰਾ ਸੰਗੀਤਬੱਧ ਕੀਤਾ ਗਿਆ ਹੈ, ਜਿਸ ਨੂੰ ਕੱਲ੍ਹ ਦੇਸ਼ ਵਿਦੇਸ਼ ਵਿੱਚ ਜਾਰੀ ਕੀਤਾ ਜਾਵੇਗਾ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ ਅਤੇ ਚਾਰੋਂ ਸਾਹਿਬਜ਼ਾਦਿਆਂ ਦੀ ਨਿੱਘੀ ਯਾਦ ਅਤੇ ਕੁਰਬਾਨੀਆਂ ਨੂੰ ਸਮਰਪਿਤ ਇਸ ਗਾਣੇ ਨੂੰ ਗਿੱਪੀ ਗਰੇਵਾਲ ਦੁਆਰਾ ਬੇਹੱਦ ਖੁੰਭ ਕੇ ਗਾਇਆ ਗਿਆ ਹੈ, ਜਿਸ ਸੰਬੰਧੀ ਆਪਣੇ ਅਹਿਸਾਸ ਬਿਆਨ ਕਰਦਿਆਂ ਉਨਾਂ ਨੇ ਕਿਹਾ ਕਿ ਸਾਡੇ ਆਣ-ਬਾਨ-ਸ਼ਾਨ ਦਾ ਪ੍ਰਤੀਕ ਅਤੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਸਮੇਂ-ਸਮੇਂ ਯਾਦ ਕੀਤਾ ਜਾਣਾ ਬਹੁਤ ਜ਼ਰੂਰੀ ਹੈ, ਜਿਸ ਨਾਲ ਸਾਡੀ ਅਜੋਕੀ ਪੀੜੀ ਨੂੰ ਗੁਰੂਆਂ, ਪੀਰਾਂ, ਦੇਸ਼ ਅਤੇ ਕੌਮ ਹਿੱਤ ਜਾਨਾਂ ਨੂੰ ਵਾਰ ਗਈਆਂ ਮਹਾਨ ਸ਼ਖਸ਼ੀਅਤਾਂ ਅਤੇ ਸ਼ਾਨਮੱਤੇ ਇਤਿਹਾਸ ਨਾਲ ਜੋੜਨ ਵਿੱਚ ਵੀ ਮਦਦ ਮਿਲੇਗੀ।
ਉਨਾਂ ਕਿਹਾ ਕਿ ਸਰਹਿੰਦ ਦੇ ਠੰਡੇ ਬੁਰਜ ਵਿੱਚ ਕੜਾਕੇ ਦੀ ਸਰਦ ਰੁੱਤ ਦੌਰਾਨ ਜਾਨਾਂ ਵਾਰਨ ਵਾਲੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਸਮਰਪਿਤ ਉਕਤ ਧਾਰਮਿਕ ਗਾਣੇ ਦਾ ਗਾਇਨ ਕਰਕੇ ਮਨ ਨੂੰ ਜੋ ਸਕੂਨ ਅਤੇ ਮਾਣ ਦਾ ਅਹਿਸਾਸ ਹੋਇਆ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਪੰਜਾਬੀ ਸਿਨੇਮਾ ਅਤੇ ਸੰਗੀਤ ਜਗਤ ਵਿੱਚ ਸਮੇਂ ਦਰ ਸਮੇਂ 'ਮੇਰੇ ਸਾਹਿਬ', 'ਸਤਿਗੁਰ ਪਿਆਰੇ' (ਅਰਦਾਸ), 'ਰੱਬਾ ਰੱਬਾ' ਆਦਿ ਜਿਹੇ ਅਰਥ-ਭਰਪੂਰ ਧਾਰਮਿਕ ਗਾਣਿਆਂ ਦੁਆਰਾ ਆਪਣੇ ਬੇਹਤਰੀਨ ਅਤੇ ਮਿਆਰੀ ਸੰਗੀਤਕ ਯਤਨਾਂ ਨੂੰ ਲਗਾਤਾਰ ਅੰਜ਼ਾਮ ਦੇ ਰਹੇ ਹਨ ਇਹ ਉਮਦਾ ਫਨਕਾਰ, ਜਿੰਨਾਂ ਦੇ ਮੌਜੂਦਾ ਵਰਕਫਰੰਟ ਦੀ ਗੱਲ ਕਰੀਏ ਤਾਂ ਅੱਜਕੱਲ੍ਹ ਕਈ ਵੱਡੀਆਂ ਅਤੇ ਬਿੱਗ ਸੈਟਅੱਪ ਪੰਜਾਬੀ ਫਿਲਮਾਂ ਨੂੰ ਅਦਾਕਾਰ ਨਿਰਮਾਤਾ ਨਿਰਦੇਸ਼ਕ ਅੰਜ਼ਾਮ ਦੇਣ ਦੇ ਨਾਲ-ਨਾਲ ਉਹ ਸੰਗੀਤਕ ਪ੍ਰੋਜੈਕਟ ਨੂੰ ਵੀ ਸੰਪੂਰਨ ਕਰਵਾਉਣ ਵਿੱਚ ਜੁਟੇ ਨਜ਼ਰ ਆ ਰਹੇ ਹਨ, ਜਿੰਨਾਂ ਦੁਆਰਾ ਉਹ ਆਉਣ ਵਾਲੇ ਦਿਨਾਂ ਵਿੱਚ ਵੀ ਸਾਹਮਣੇ ਆਉਂਦੇ ਰਹਿਣਗੇ।