ਚੰਡੀਗੜ੍ਹ: ਹਾਲ ਹੀ ਵਿੱਚ ਗਾਇਕ-ਅਦਾਕਾਰ ਗਿੱਪੀ ਗਰੇਵਾਲ ਨਾਲ ਸੰਬੰਧਿਤ ਇੱਕ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਗਿੱਪੀ ਗਰੇਵਾਲ ਦੇ ਪ੍ਰਸ਼ੰਸਕਾਂ ਨੂੰ ਚਿੰਤਾ ਵਿੱਚ ਵੀ ਪਾ ਦਿੱਤਾ ਹੈ। ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਬੀਤੇ ਸ਼ਨੀਵਾਰ ਨੂੰ ਕੈਨੇਡਾ 'ਚ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਬੰਗਲੇ 'ਤੇ ਗੋਲੀਬਾਰੀ ਕੀਤੀ ਗਈ ਸੀ ਅਤੇ ਇਸ ਘਟਨਾ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਹੈ।
ਇਸ ਬਾਰੇ ਲਾਰੈਂਸ ਬਿਸ਼ਨੋਈ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਲਿਖਿਆ ਕਿ ਇਹ ਗੋਲੀਬਾਰੀ ਲਾਰੈਂਸ ਗਰੁੱਪ ਵੱਲੋਂ ਕੀਤੀ ਗਈ ਹੈ। ਲਾਰੈਂਸ ਬਿਸ਼ਨੋਈ ਨੇ ਧਮਕੀ ਵੀ ਦਿੱਤੀ ਹੈ ਅਤੇ ਕਿਹਾ ਹੈ ਕਿ 'ਜਾ ਕੇ ਆਪਣੇ ਭਰਾ ਸਲਮਾਨ ਖਾਨ ਨੂੰ ਕਹਿ ਕਿ ਉਹ ਤੈਨੂੰ ਬਚਾਵੇ।' ਹੁਣ ਇਸ ਘਟਨਾ ਨਾਲ ਸੰਬੰਧਿਤ ਅਦਾਕਾਰ-ਗਾਇਕ ਗਿੱਪੀ ਗਰੇਵਾਲ ਦਾ ਪਹਿਲਾਂ ਬਿਆਨ ਸਾਹਮਣੇ ਆਇਆ ਹੈ।
ਇੱਕ ਮੀਡੀਆ ਚੈਨਲ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕਰਦੇ ਹੋਏ ਗਿੱਪੀ ਗਰੇਵਾਲ ਨੇ ਕਿਹਾ, 'ਕੈਨੇਡਾ 'ਚ ਸਥਿਤ ਮੇਰੇ ਘਰ, ਕਾਰ ਅਤੇ ਗੈਰੇਜ 'ਤੇ ਗੋਲੀਆਂ ਚਲਾਈਆਂ ਗਈਆਂ ਪਰ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਿਆ ਤਾਂ ਮੈਂ ਖੁਦ ਹੈਰਾਨ ਸੀ, ਕਿਉਂਕਿ ਮੈਂ ਅੱਜ ਤੱਕ ਕਦੇ ਕਿਸੇ ਵਿਵਾਦ ਵਿੱਚ ਨਹੀਂ ਪਿਆ।'
ਗਾਇਕ ਨੇ ਅੱਗੇ ਕਿਹਾ, 'ਮੈਨੂੰ ਕਦੇ ਵੀ ਲਾਰੈਂਸ ਬਿਸ਼ਨੋਈ ਗੈਂਗ ਦਾ ਕੋਈ ਫੋਨ ਨਹੀਂ ਆਇਆ ਅਤੇ ਨਾ ਹੀ ਮੇਰੀ ਕੋਈ ਦੁਸ਼ਮਣੀ ਹੈ, ਬਾਲੀਵੁੱਡ ਸਟਾਰ ਸਲਮਾਨ ਖਾਨ ਮੇਰੇ ਦੋਸਤ ਨਹੀਂ ਹਨ, ਬਸ ਉਹ ਮੇਰੇ ਜਾਣਕਾਰ ਹਨ, ਮੈਂ ਉਹਨਾਂ ਨੂੰ ਇੱਕ ਸਟਾਰ ਦੇ ਤੌਰ ਉਤੇ ਜਾਣਦਾ ਹਾਂ। ਉਹਨਾਂ ਨੂੰ ਮੈਂ ਬਿੱਗ ਬੌਸ ਅਤੇ ਫਿਲਮ ਮੌਜਾਂ ਹੀ ਮੌਜਾਂ ਦੇ ਟ੍ਰੇਲਰ ਲਾਂਚ 'ਤੇ ਮਿਲਿਆ ਸੀ।' ਇਸ ਤੋਂ ਇਲਾਵਾ ਗਾਇਕ ਨੇ ਦੱਸਿਆ ਕਿ ਜਦੋਂ ਘਟਨਾ ਵਾਪਰੀ ਸੀ ਤਾਂ ਉਹ ਉਸ ਸਮੇਂ ਘਰ ਵਿੱਚ ਮੌਜੂਦ ਨਹੀਂ ਸੀ।
ਉਲੇਖਯੋਗ ਹੈ ਕਿ ਗਿੱਪੀ ਗਰੇਵਾਲ ਦਾ ਕੈਨੇਡਾ ਦੇ ਵੈਨਕੂਵਰ 'ਚ ਬੰਗਲਾ ਹੈ ਅਤੇ ਬੀਤੇ ਸ਼ਨੀਵਾਰ ਇੱਥੇ ਹੀ ਗੋਲੀਬਾਰੀ ਹੋਈ ਸੀ। ਇਸ ਤੋਂ ਬਾਅਦ ਫੇਸਬੁੱਕ 'ਤੇ ਇੱਕ ਪੋਸਟ ਰਾਹੀਂ ਦਾਅਵਾ ਕੀਤਾ ਗਿਆ ਸੀ ਕਿ ਇਹ ਗੋਲੀਬਾਰੀ ਲਾਰੈਂਸ ਗਰੁੱਪ ਵੱਲੋਂ ਕੀਤੀ ਗਈ ਹੈ।
ਲਾਰੈਂਸ ਬਿਸ਼ਨੋਈ ਨਾਂ ਦੇ ਇੱਕ ਫੇਸਬੁੱਕ ਅਕਾਉਂਟ 'ਤੇ ਲਿਖਿਆ ਗਿਆ ਸੀ, "ਹਾਂ ਜੀ, ਸਤਿ ਸ਼੍ਰੀ ਅਕਾਲ, ਰਾਮ ਰਾਮ ਸਭ ਨੂੰ, ਅੱਜ ਵੈਨਕੂਵਰ ਵਾਈਟ ਰੌਕ ਖੇਤਰ ਵਿੱਚ ਗਿੱਪੀ ਗਰੇਵਾਲ ਦੇ ਬੰਗਲੇ 'ਤੇ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਗੋਲੀਬਾਰੀ ਕੀਤੀ ਗਈ ਆ। ਸਲਮਾਨ ਖਾਨ ਨੂੰ ਬਹੁਤ ਭਾਈ ਭਾਈ ਕਰਦਾ ਤੂੰ, ਹੁਣ ਕਹਿ ਆਪਦੇ ਭਾਈ ਨੂੰ ਵੀ ਆਕੇ ਬਚਾਵੇ ਤੈਨੂੰ।" ਇਸ ਤੋਂ ਇਲਾਵਾ ਇਸ ਪੋਸਟ ਵਿੱਚ ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਈਆਂ ਸਨ।