ਚੰਡੀਗੜ੍ਹ: ਹਿੰਦੀ ਅਤੇ ਪੰਜਾਬੀ ਸਿਨੇਮਾ ਖੇਤਰ ਵਿਚ ਬੇਹਤਰੀਨ ਸਿਨੇਮਾਟਗ੍ਰਾਫ਼ਰ ਵਜੋਂ ਪਹਿਚਾਣ ਕਰਵਾਉਂਦੇ ਧੀਰੇਂਦਰ ਸ਼ੁਕਲਾ ਨੂੰ ਉਨ੍ਹਾਂ ਦੀ ਹਾਲੀਆ ਫ਼ਿਲਮ ‘ਚਬੂਤਰੋਂ’ ਲਈ ‘ਸਿਨੇਮਾਟੋਗ੍ਰਾਫ਼ਰ ਆਫ਼ ਦਾ ਈਅਰ 2022 ਐਵਾਰਡ’ ਨਾਲ ਨਵਾਜਿਆ ਗਿਆ ਹੈ, ਜਿੰਨ੍ਹਾਂ ਨੂੰ ਇਹ ਮਾਣਮੱਤਾ ਪੁਰਸਕਾਰ ‘ਗਿਫ਼ਾ’ ਵੱਲੋਂ ਮੁੰਬਈ ਵਿਖੇ ਆਯੋਜਿਤ ਕਰਵਾਏ ਗਏ ਇਕ ਵਿਸ਼ੇਸ਼ ਅਤੇ ਆਲੀਸ਼ਾਨ ਸਮਾਰੋਹ ਦੌਰਾਨ ਹਾਸਿਲ ਹੋਇਆ ਹੈ।
ਇਸ ਅਹਿਮ ਪ੍ਰਾਪਤੀ 'ਤੇ ਫ਼ਖਰ ਅਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸ਼ੁਕਲਾ ਨੇ ਕਿਹਾ ਕਿ ਇਹ ਪੁਰਸਕਾਰ ਹਾਸਿਲ ਹੋਣ ਨਾਲ ਅਥਾਹ ਮਾਣ ਮਹਿਸੂਸ ਕਰ ਰਿਹਾ ਹਾਂ ਕਿਉਂਕਿ ਜਦੋਂ ਤੁਹਾਡੇ ਕੀਤੇ ਜਾ ਰਹੇ ਕਾਰਜਾਂ ਨੂੰ ਸਰਾਹਣਾ ਦੇ ਰੂਪ ਵਿਚ ਮਾਨਤਾ ਮਿਲਦੀ ਹੈ ਤਾਂ ਇਕ ਅਦੁਭਤ ਅਹਿਸਾਸ ਮਨ ਅੰਦਰ ਪੈਦਾ ਹੁੰਦਾ ਹੈ, ਜੋ ਤੁਹਾਡੇ ਅੰਦਰ ਅੱਗੇ ਹੋਰ ਚੰਗੇਰ੍ਹਾ ਕਰਨ ਦਾ ਬਲ ਅਤੇ ਉਤਸ਼ਾਹ ਵੀ ਪੈਦਾ ਕਰਦਾ ਹੈ।
ਉਨ੍ਹਾਂ ਕਿਹਾ ਕਿ ਉਹ ਆਪਣੀ ਉਕਤ ਫ਼ਿਲਮ ਦੀ ਪੂਰੀ ਟੀਮ, ਜਿਸ ਵਿਚ ਨਿਰਦੇਸ਼ਕ ਚਾਣਕਯ ਪਟੇਲ, ਨਿਰਮਾਤਾ ਨੇਹਾ, ਸਹਾਇਕ ਕੈਮਰਾਮੈਨ ਸੰਜੇ ਸਿੰਘ ਮੈਸਕੋ, ਨਰਿੰਦਰ ਸ਼ਰਮਾ, ਲਾਈਟਿੰਗ ਅਤੇ ਕੈਮਰਾ ਟੀਮ ਪ੍ਰੋਡੋਕਸ਼ਨ, ਡਿਜਾਇਨਰ ਚਿੰਤਨ, ਰੰਗਕਰਮੀ ਕਿਰਨ ਕੋਟਾ ਆਦਿ ਦਾ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਨ, ਜਿੰਨ੍ਹਾਂ ਦੀ ਫ਼ਿਲਮ ਦੇ ਇਕ ਇਕ ਦ੍ਰਿਸ਼ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਦਿਨ ਰਾਤ ਕੀਤੀ ਮਿਹਨਤ ਅਤੇ ਲਗਨ ਸਦਕਾ ਹੀ ਉਹ ਵੀ ਬਤੌਰ ਸਿਨੇਮਾਟੋਗ੍ਰਾਫ਼ਰ ਆਪਣੀਆਂ ਜਿੰਮੇਵਾਰੀਆਂ ਨੂੰ ਸ਼ਾਨਦਾਰ ਅਤੇ ਪ੍ਰਭਾਵੀ ਢੰਗ ਨਾਲ ਨਿਭਾਉਣ ਵਿਚ ਸਫ਼ਲ ਹੋ ਪਾਏੇ।
ਉਨ੍ਹਾਂ ਕਿਹਾ ਕਿ ਉਹ ਆਪਣੀ ਹਰ ਫ਼ਿਲਮ ਦੇ ਸਿਨੇਮਾਟੋਗ੍ਰਾਫ਼ਰੀ ਪੱਖਾਂ ਨੂੰ 100 ਫੀਸਦੀ ਦੇਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਨੂੰ ਮਿਲ ਰਹੇ ਪਿਆਰ ਅਤੇ ਸਨੇਹ ਸਦਕਾ ਉਹ ਆਗਾਮੀ ਸਮੇਂ ਹੋਰ ਚੰਗਾ ਢੰਗ ਨਾਲ ਆਪਣੀਆਂ ਸੇਵਾਵਾਂ ਸਿਨੇਮਾ ਖਿੱਤੇ ਵਿਚ ਨਿਭਾਉਂਦੇ ਰਹਿਣਗੇ। ਜੇਕਰ ਇਸ ਪ੍ਰਤਿਭਾਸ਼ਾਲੀ ਅਤੇ ਬੇਮਿਸਾਲ ਸਿਨੇਮਾਟੋਗ੍ਰਾਫ਼ਰ ਦੇ ਫ਼ਿਲਮੀ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਦੀ ਅਹਿਮ ਫ਼ਿਲਮਾਂ ਵਿਚ ‘ਸਿਕੰਦਰ’, ‘ਡਾਕੂਆਂ ਦਾ ਮੁੰਡਾ’, ‘ਡਾਕੂਆਂ ਦਾ ਮੁੰਡਾ 2’, ‘ਰੱਬਾ ਰੱਬਾ ਮੀਂਹ ਵਰਸਾ’, ‘ਹੋਮ ਸ਼ਾਂਤੀ’, ਟੀ.ਵੀ ਸੀਰੀਜ਼ ‘ਪਤਾਲਲੋਕ’, ‘ਹਿਮਾਲਿਆ ਰਫਿਊਜ਼ੀ’, ‘25 ਕਿੱਲੇ’, ‘ਵਾਪਸੀ’, ‘ਯੋਧਾ’ , ‘ਸਟੂਪਿਡ 7’, ‘ਡੀ.ਐਸ.ਪੀ ਦੇਵ’, ‘ਯੇ ਮੇਰੀ ਫੈਮਿਲੀ’, ‘ਬਾਰਾਤ ਕੰਪਨੀ’, ‘ਚਬੂਤਰੋਂ’ , ‘ਲਾਲ ਰੰਗ’ , 'ਪੰਚਾਇਤ' ਆਦਿ ਸ਼ਾਮਿਲ ਰਹੀਆਂ ਹਨ।
ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਹਿੰਦੀ ਫ਼ਿਲਮ ਇੰਡਸਟਰੀ ਦੇ ਨਾਲ ਨਾਲ ਇਹ ਬੇਹਤਰੀਨ ਸਿਨੇਮਾਟਗ੍ਰਾਫ਼ਰ ਅੱਜਕੱਲ ਪੰਜਾਬੀ ਸਿਨੇਮਾ ਜਗਤ ਵਿਚ ਵੀ ਬਰਾਬਰ ਸਰਗਰਮ ਨਜ਼ਰ ਆ ਰਹੇ ਹਨ, ਜੋ ਆਉਣ ਵਾਲੇ ਦਿਨ੍ਹਾਂ ਵਿਚ ਕਈ ਹੋਰ ਹਿੰਦੀ, ਪੰਜਾਬੀ ਫ਼ਿਲਮਾਂ ਨੂੰ ਕੈਮਰਾਮੈਨ ਪੱਖੋਂ ਸੋਹਣਾ ਮੁਹਾਂਦਰਾ ਦੇਣ ਵਿਚ ਆਪਣਾ ਅਹਿਮ ਯੋਗਦਾਨ ਦੇਣ ਜਾ ਰਹੇ ਹਨ।
ਇਹ ਵੀ ਪੜ੍ਹੋ: Shayrana Sartaaj: ਸਤਿੰਦਰ ਸਰਤਾਜ ਨੇ 'ਸ਼ਾਇਰਾਨਾ ਸਰਤਾਜ' ਦੀ ਸ਼ਾਇਰੀ ਨਾਲ ਜਿੱਤਿਆ ਸਭ ਦਾ ਦਿਲ, ਵੀਡੀਓ ਦੇਖ ਤੁਸੀਂ ਵੀ ਕਹੋਗੇ 'ਵਾਹ'