ਚੰਡੀਗੜ੍ਹ: ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਦੀ ਫਿਲਮ 'ਕੈਰੀ ਆਨ ਜੱਟਾ 3' ਜਿਸ ਦਿਨ ਦੀ ਰਿਲੀਜ਼ ਹੋਈ ਹੈ, ਬਸ ਰਿਕਾਰਡ ਤੋੜਨ ਉਤੇ ਲੱਗੀ ਹੋਈ ਹੈ, ਸਭ ਤੋਂ ਪਹਿਲਾਂ ਫਿਲਮ ਨੇ ਪਹਿਲੇ ਦਿਨ 4 ਕਰੋੜ ਤੋਂ ਵੱਧ ਦੀ ਕਮਾਈ ਕਰਕੇ ਉਪਨਿੰਗ ਡੇ ਉਤੇ ਹੀ ਰਿਕਾਰਡ ਤੋੜ ਦਿੱਤਾ। ਇਹ ਪੰਜਾਬੀ ਦੀ ਪਹਿਲੀ ਅਜਿਹੀ ਫਿਲਮ ਬਣ ਗਈ ਜਿਸ ਨੇ ਪਹਿਲੇ ਦਿਨ ਇੰਨੀ ਕਮਾਈ ਕੀਤੀ ਹੈ, ਫਿਰ ਇਸ ਤੋਂ ਬਾਅਦ ਫਿਲਮ ਇੱਕ ਤੋਂ ਬਾਅਦ ਦੂਜਾ ਫਿਰ ਤੀਜਾ ਰਿਕਾਰਡ ਤੋੜਦੀ ਗਈ। ਹੁਣ ਕੈਰੀ ਆਨ ਜੱਟਾ 3 ਪੰਜਾਬੀ ਦੀ ਪਹਿਲੀ ਅਜਿਹੀ ਫਿਲਮ ਬਣ ਗਈ ਹੈ, ਜਿਸ ਨੇ ਸਭ ਤੋਂ ਜਿਆਦਾ ਕਮਾਈ ਕੀਤੀ ਹੈ। ਇਸ ਤੋਂ ਪਹਿਲਾਂ ਇਸਦੀ ਥਾਂ ਕੈਰੀ ਆਨ ਜੱਟਾ 2 ਨੇ ਮੱਲ ਕੇ ਰੱਖੀ ਹੋਈ ਸੀ।
ਹੁਣ ਇਥੇ ਜੇਕਰ ਫਿਲਮ ਦੀ ਸਾਰੀ ਕਮਾਈ ਦੀ ਗੱਲ ਕਰੀਏ ਤਾਂ ਫਿਲਮ ਦੀ ਕੁੱਲ ਕਮਾਈ ਲਗਭਗ 89 ਕਰੋੜ ਹੋ ਗਈ ਹੈ ਅਤੇ ਜੇਕਰ ਘਰੇਲੂ ਬਾਕਸ ਆਫਿਸ ਦੀ ਕਮਾਈ ਦੀ ਗੱਲ ਕਰੀਏ ਤਾਂ ਫਿਲਮ ਨੇ ਫਿਲਮ ਨੇ 15ਵੇਂ ਦਿਨ 0.70 ਕਰੋੜ ਦੀ ਕਮਾਈ ਕਰ ਲਈ ਹੈ। ਜਦਕਿ 14ਵੇਂ ਦਿਨ ਇਹ 0.75 ਸੀ। ਦੂਜੇ ਪਾਸੇ ਜੇਕਰ 15 ਦਿਨਾਂ ਦੇ ਘਰੇਲੂ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ 39.05 ਕਰੋੜ ਦੀ ਕਮਾਈ ਕੀਤੀ ਹੈ।
ਸਮੀਪ ਕੰਗ ਦੁਆਰਾ ਨਿਰਦੇਸ਼ਤ 'ਕੈਰੀ ਆਨ ਜੱਟਾ 3' 29 ਜੂਨ ਨੂੰ ਈਦ ਦੀਆਂ ਛੁੱਟੀਆਂ ਤੋਂ ਪਹਿਲਾਂ ਰਿਲੀਜ਼ ਕੀਤੀ ਗਈ ਸੀ, ਤਾਂ ਜੋ ਵੀਕੈਂਡ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾ ਸਕੇ। ਰਿਲੀਜ਼ ਵਾਲੇ ਦਿਨ ਫਿਲਮ ਨੇ ਪੂਰੀ ਦੁਨੀਆਂ ਵਿੱਚ 10 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਅਤੇ ਸ਼ੁਰੂਆਤੀ ਵੀਕੈਂਡ 'ਤੇ 46.56 ਕਰੋੜ ਰੁਪਏ ਦਾ ਬੰਪਰ ਕਲੈਕਸ਼ਨ ਕੀਤਾ ਸੀ।
ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਤੋਂ ਇਲਾਵਾ ਇਸ ਫਿਲਮ ਵਿੱਚ ਬਿੰਨੂ ਢਿੱਲੋਂ, ਕਵਿਤਾ ਕੌਸ਼ਿਕ, ਜਸਵਿੰਦਰ ਭੱਲਾ ਅਤੇ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਮੁੱਖ ਭੂਮਿਕਾਵਾਂ ਵਿੱਚ ਹਨ। ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਨਿਰਮਾਤਾ ਅਤੇ ਕਾਸਟ ਵੀ ਕੁਝ ਕਾਨੂੰਨੀ ਮੁਸੀਬਤ ਵਿੱਚ ਫਸ ਗਏ ਸਨ ਜਦੋਂ ਉਹਨਾਂ ਖਿਲਾਫ਼ ਅਪਮਾਨਜਨਕ ਸਮੱਗਰੀ ਲਈ ਜਲੰਧਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ। ਪਰ ਇਸ ਦਾ ਫਿਲਮ ਦੇ ਕਲੈਕਸ਼ਨ ਉਤੇ ਕੋਈ ਜਿਆਦਾ ਫਰਕ ਨਹੀਂ ਪਿਆ।