ਹੈਦਰਾਬਾਦ: ਬਾਲੀਵੁੱਡ ਸਟਾਰ ਸਲਮਾਨ ਖਾਨ ਲਗਾਤਾਰ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਉਸ ਨੂੰ ਇੱਕ ਗੈਂਗਸਟਰ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਜਿਸ ਤੋਂ ਬਾਅਦ ਉਸ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਪਰ ਹੁਣ ਸੁਰਖ਼ੀਆਂ ਵਿੱਚ ਆਉਣ ਦਾ ਕਾਰਨ ਕੁੱਝ ਹੋਰ ਹੈ, ਜੀ ਹਾਂ...ਅਦਾਕਾਰ ਨੂੰ ਬੰਬੇ ਹਾਈ ਕੋਰਟ ਤੋਂ ਇੱਕ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ। ਉਸ ਨੂੰ ਇਹ ਰਾਹਤ ਉਸ ਕੇਸ ਵਿੱਚ ਮਿਲੀ ਹੈ, ਜਿਸ ਵਿੱਚ ਪੱਤਰਕਾਰ ਨੇ ਉਸ ਉੱਤੇ ਗੰਭੀਰ ਇਲਜ਼ਾਮ ਲਾਏ ਸਨ।
ਦਰਅਸਲ 2019 'ਚ ਪੱਤਰਕਾਰ ਅਸ਼ੋਕ ਪਾਂਡੇ ਨੇ ਸਲਮਾਨ ਖਾਨ 'ਤੇ ਕੁੱਟਮਾਰ ਦਾ ਇਲਜ਼ਾਮ ਲਗਾਉਂਦੇ ਹੋਏ FIR ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਅੰਧੇਰੀ ਅਦਾਲਤ ਦੇ ਹੁਕਮਾਂ ਅਨੁਸਾਰ ਉਸ ਨੂੰ ਉੱਥੇ ਪੇਸ਼ ਹੋਣਾ ਪਿਆ। ਪਰ ਹੁਣ ਹਾਈਕੋਰਟ ਨੇ ਹੁਕਮ ਦਿੱਤਾ ਹੈ ਕਿ ਸਲਮਾਨ ਨੂੰ ਅੰਧੇਰੀ ਕੋਰਟ 'ਚ ਪੇਸ਼ ਨਹੀਂ ਹੋਣਾ ਪਵੇਗਾ।
ਬੰਬੇ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਅੰਧੇਰੀ ਅਦਾਲਤ ਵੱਲੋਂ ਜਾਰੀ ਸੰਮਨ ਨੂੰ ਵੀ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹੁਕਮ 'ਚ ਕਿਹਾ ਗਿਆ ਹੈ ਕਿ ਸਲਮਾਨ ਖਿਲਾਫ ਦਰਜ FIR ਨੂੰ ਵੀ ਰੱਦ ਕੀਤਾ ਜਾਵੇ। ਜ਼ਾਹਿਰ ਹੈ ਕਿ ਧਮਕੀਆਂ ਮਿਲਣ ਤੋਂ ਬਾਅਦ ਮੁਸੀਬਤ ਦੇ ਦੌਰ 'ਚੋਂ ਗੁਜ਼ਰ ਰਹੇ ਸਲਮਾਨ ਲਈ ਇਹ ਹੁਕਮ ਰਾਹਤ ਵਾਲਾ ਹੈ। ਦੱਸ ਦੇਈਏ ਕਿ ਸਾਲ 2019 ਵਿੱਚ ਪੱਤਰਕਾਰ ਅਸ਼ੋਕ ਪਾਂਡੇ ਨੇ ਸਲਮਾਨ ਦੇ ਖਿਲਾਫ ਕੁੱਟਮਾਰ ਦੀ ਐਫਆਈਆਰ ਦਰਜ ਕਰਵਾਈ ਸੀ।
ਸਲਮਾਨ ਖਾਨ 'ਤੇ ਕੀ ਹੈ ਇਲਜ਼ਾਮ?: ਅਦਾਕਾਰ ਸਲਮਾਨ ਖਾਨ 'ਤੇ ਇਲਜ਼ਾਮ ਹੈ ਕਿ ਉਸ ਨੇ ਮੁੰਬਈ ਦੀਆਂ ਸੜਕਾਂ 'ਤੇ ਬਾਡੀਗਾਰਡ ਦੇ ਨਾਲ ਸਾਈਕਲ 'ਤੇ ਸਵਾਰ ਹੋ ਕੇ ਪੱਤਰਕਾਰ ਦਾ ਮੋਬਾਈਲ ਫੋਨ ਖੋਹ ਲਿਆ ਸੀ। ਘਟਨਾ ਉਦੋਂ ਵਾਪਰੀ ਜਦੋਂ ਮੀਡੀਆ ਵਾਲਿਆਂ ਨੇ ਉਨ੍ਹਾਂ ਦੀਆਂ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਅਦਾਕਾਰ ਨੇ ਕਥਿਤ ਤੌਰ 'ਤੇ ਪੱਤਰਕਾਰ ਨਾਲ ਬਹਿਸ ਕੀਤੀ ਅਤੇ ਧਮਕੀ ਦਿੱਤੀ। ਸੁਣਵਾਈ ਦੌਰਾਨ ਅਦਾਲਤ 'ਚ ਪੱਤਰਕਾਰ ਦੇ ਬਿਆਨ ਬਦਲਣ 'ਤੇ ਵੀ ਚਰਚਾ ਹੋਈ।
ਇਨ੍ਹਾਂ ਫਿਲਮਾਂ 'ਚ ਨਜ਼ਰ ਆਉਣਗੇ ਸਲਮਾਨ ਭਾਈ: ਵਰਕਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਜਲਦ ਹੀ ਫਿਲਮ 'ਕਿਸ ਕਾ ਭਾਈ ਕਿਸ ਕੀ ਜਾਨ' 'ਚ ਨਜ਼ਰ ਆਉਣਗੇ। ਫਿਲਮ 'ਚ ਉਨ੍ਹਾਂ ਨਾਲ ਪੂਜਾ ਹੇਗੜੇ, ਭੂਮਿਕਾ ਚਾਵਲਾ, ਸ਼ਹਿਨਾਜ਼ ਗਿੱਲ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ। ਇਹ ਫਿਲਮ ਈਦ ਦੇ ਮੌਕੇ 'ਤੇ ਰਿਲੀਜ਼ ਲਈ ਤਿਆਰ ਹੈ। ਇਸ ਤੋਂ ਬਾਅਦ ਸਲਮਾਨ ਆਪਣੀ ਮੋਸਟ ਅਵੇਟਿਡ ਫਿਲਮ ਦੇ ਸੀਕਵਲ 'ਟਾਈਗਰ 3' 'ਚ ਕੈਟਰੀਨਾ ਕੈਫ ਦੇ ਨਾਲ ਨਜ਼ਰ ਆਉਣਗੇ। ਇਸ ਫਿਲਮ 'ਚ ਸ਼ਾਹਰੁਖ ਖਾਨ ਵੀ ਕੈਮਿਓ ਕਰਨਗੇ।