ਚੰਡੀਗੜ੍ਹ: ਕੈਨੇਡਾ ਵੱਸਦੀ ਪੰਜਾਬੀ ਮੂਲ ਖੂਬਸੂਰਤ ਅਦਾਕਾਰਾ ਸਪਨਾ ਬੱਸੀ ਆਪਣੀ ਇੱਕ ਹੋਰ ਸ਼ਾਨਦਾਰ ਸਿਨੇਮਾ ਪਾਰੀ ਵੱਲ ਵਧਣ ਜਾ ਰਹੀ ਹੈ, ਜੋ ਜਲਦ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਲਾਲ ਸਲਾਮ' ਵਿੱਚ ਲੀਡ ਭੂਮਿਕਾ ਵਿੱਚ ਨਜ਼ਰ ਆਵੇਗੀ।
'ਕੇਕੇ ਫਿਲਮ' ( ਪੰਜਾਬ ) ਵੱਲੋਂ ਕੰਗ ਰੋਇਲ ਫਿਲਮ ਦੇ ਸੰਯੁਕਤ ਨਿਰਮਾਣ ਅਧੀਨ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਮਾਣ ਨਿਰਦੇਸ਼ਨ ਟੀਜੇ ਕਰ ਰਹੇ ਹਨ, ਜਦਕਿ ਇਸ ਦੇ ਨਿਰਮਾਤਾ ਬਲਕਾਰ ਸਿੰਘ ਅਤੇ ਸਹਿ ਨਿਰਮਾਤਾਵਾਂ ਵਿੱਚ ਦਲਵਿੰਦਰ ਕੰਗ, ਵਿਨੋਦ ਕੁਮਾਰ, ਮਨਪ੍ਰੀਤ ਸਿੰਘ ਆਦਿ ਸ਼ਾਮਿਲ ਹਨ।
ਦੁਆਬੇ ਦੇ ਜਲੰਧਰ ਲਾਗਲੇ ਇਲਾਕਿਆਂ ਵਿੱਚ ਫਿਲਮਾਈ ਜਾ ਰਹੀ ਇਸ ਅਰਥ ਭਰਪੂਰ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਸਵਿੰਦਰ ਮਾਹਲ, ਗੁਰਪ੍ਰੀਤ ਕੌਰ ਭੰਗੂ, ਡਾ. ਸਾਹਿਬ ਸਿੰਘ, ਮਨਿੰਦਰ ਮੋਗਾ ਆਦਿ ਜਿਹੇ ਕਈ ਮੰਝੇ ਹੋਏ ਐਕਟਰਜ਼ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ, ਇਸ ਤੋਂ ਇਲਾਵਾ ਫਿਲਮ ਦਾ ਖਾਸ ਆਕਰਸ਼ਨ ਬਾਲੀਵੁੱਡ ਅਤੇ ਛੋਟੇ ਪਰਦੇ ਦੇ ਸ਼ਾਨਦਾਰ ਐਕਟਰ ਗੁਲਸ਼ਨ ਪਾਂਡੇ ਵੀ ਹੋਣਗੇ।
ਤੇਜ਼ੀ ਨਾਲ ਸੰਪੂਰਨਤਾ ਪੜਾਅ ਵੱਲ ਵੱਧ ਰਹੀ ਇਸ ਫਿਲਮ ਦੇ ਲੇਖਕ ਬਲਕਾਰ ਸਿੰਘ, ਸਿਨੇਮਾਟੋਗ੍ਰਾਫ਼ਰ ਸਮੀਰ ਗਿੱਲ-ਨਕਾਸ਼ ਚਿਤਵਾਨੀ, ਸੰਪਾਦਕ ਟੀਮ ਜੇਐਸਐਨ, ਲਾਈਨ ਨਿਰਮਾਤਾ ਰੌਕੀ ਸਹੋਤਾ ਹਨ, ਜਦਕਿ ਇਸ ਦਾ ਮਿਊਜ਼ਿਕ ਬੀਟ ਮੇਕਰਜ ਦੁਆਰਾ ਸੰਗੀਤਬੱਧ ਕੀਤਾ ਗਿਆ ਹੈ।
- Gurpreet Singh Dhatt Passed Away: ਬੇਸ਼ੁਮਾਰ ਗੀਤਾਂ ਦੁਆਰਾ ਲੋਕਮਨਾਂ 'ਚ ਆਪਣੀ ਯਾਦ ਸਦਾ ਕਾਇਮ ਰੱਖਣਗੇ ਗਾਇਕ ਗੁਰਪ੍ਰੀਤ ਢੱਟ
- Zindagi Zindabad 16th Edition: ਇਸ ਪੁਸਤਕ ਨਾਲ ਫਿਰ ਪਾਠਕਾਂ ਦੇ ਸਨਮੁੱਖ ਹੋਣਗੇ ਰਾਣਾ ਰਣਬੀਰ, 16ਵੇਂ ਸੰਸਕਰਣ ਦੇ ਰੂਪ ਵਿੱਚ ਆਵੇਗੀ ਸਾਹਮਣੇ
- Prince Kanwaljit Singh Upcoming Movies: ਨਵੇਂ ਵਰ੍ਹੇ 'ਚ ਹੋਰ ਮਾਅਰਕੇ ਮਾਰਨ ਵੱਲ ਵੱਧਦੇ ਨਜ਼ਰ ਆਉਣਗੇ ਪ੍ਰਿੰਸ ਕੰਵਲਜੀਤ ਸਿੰਘ, ਇੰਨਾ ਫਿਲਮਾਂ ਵਿੱਚ ਆਉਣਗੇ ਨਜ਼ਰ
ਹਾਲ ਹੀ ਦੇ ਕਰੀਅਰ ਦੌਰਾਨ '25 ਕਿੱਲੇ', 'ਪਰਿੰਦੇ' ਆਦਿ ਕਈ ਵੱਡੀਆਂ ਅਤੇ ਬਿੱਗ ਸੈਟਅੱਪ ਫਿਲਮਾਂ ਦਾ ਹਿੱਸਾ ਰਹੀ ਇਸ ਹੋਣਹਾਰ ਅਤੇ ਪ੍ਰਤਿਭਾਵਾਨ ਅਦਾਕਾਰਾ ਨੇ ਦੱਸਿਆ ਕਿ ਸਮਾਜਿਕ ਸਰੋਕਾਰਾਂ ਨਾਲ ਜੁੜੀ ਅਤੇ ਪੰਜਾਬ ਦੇ ਭਖਦੇ ਮੁੱਦਿਆਂ ਦੀ ਤਰਜ਼ਮਾਨੀ ਕਰਨ ਜਾ ਰਹੀ ਉਕਤ ਫਿਲਮ ਵਿੱਚ ਉਸਦਾ ਕਿਰਦਾਰ ਮਨੁੱਖੀ ਅਧਿਕਾਰਾਂ ਦੀ ਚੇਅਰਪਰਸਨ ਆਰਤੀ ਸਹੋਤਾ ਦਾ ਹੈ, ਜੋ ਕਾਫ਼ੀ ਮਹੱਤਵਪੂਰਨ ਅਤੇ ਚੈਲੇਂਜਿੰਗ ਰੋਲ ਹੈ, ਜਿਸ ਨੂੰ ਅਦਾ ਕਰਨਾ ਉਸ ਲਈ ਬਹੁਤ ਹੀ ਯਾਦਗਾਰੀ ਤਜ਼ਰਬਾ ਰਿਹਾ ਹੈ।
ਪਾਲੀਵੁੱਡ ਦੇ ਨਾਲ-ਨਾਲ ਕੈਨੇਡੀਅਨ ਸਿਨੇਮਾ ਖਿੱਤੇ ਵਿੱਚ ਵੀ ਬਰਾਬਰਤਾ ਨਾਲ ਸਰਗਰਮ ਇਸ ਬਾਕਮਾਲ ਅਤੇ ਦਿਲਕਸ਼ ਅਦਾਕਾਰਾ ਨੇ ਦੱਸਿਆ ਕਿ ਆਪਣੇ ਹੁਣ ਤੱਕ ਦੇ ਕਰੀਅਰ ਦੌਰਾਨ ਉਸਨੇ ਹਮੇਸ਼ਾ ਚੁਣਿੰਦਾ ਅਤੇ ਅਲਹਦਾ ਕੰਟੈਂਟ ਅਧਾਰਿਤ ਫਿਲਮਾਂ ਕਰਨ ਨੂੰ ਪਹਿਲ ਦਿੱਤੀ ਹੈ ਅਤੇ ਅਗਾਮੀ ਸਮੇਂ ਵੀ ਉਸਦੀ ਤਰਜ਼ੀਹ ਅਜਿਹੀਆਂ ਹੀ ਅਰਥ-ਭਰਪੂਰ ਫਿਲਮਾਂ ਰਹਿਣਗੀਆਂ।
ਆਪਣੀਆਂ ਆਗਾਮੀ ਯੋਜਨਾਵਾਂ ਸੰਬੰਧੀ ਗੱਲਬਾਤ ਕਰਦਿਆਂ ਇਸ ਬੇਹਤਰੀਨ ਅਦਾਕਾਰਾ ਨੇ ਦੱਸਿਆ ਕਿ ਉਸ ਦੇ ਇੱਕ ਅਹਿਮ ਅਤੇ ਸ਼ਾਨਦਾਰ ਮਿਊਜ਼ਿਕ ਵੀਡੀਓ 'ਇਕ ਵਾਅਦਾ' ਦੀ ਸ਼ੂਟਿੰਗ ਵੀ ਮੁਕੰਮਲ ਹੋ ਚੁੱਕੀ ਹੈ, ਜੋ ਜਨਵਰੀ 2024 ਵਿੱਚ ਵੱਖ-ਵੱਖ ਸੰਗੀਤਕ ਪਲੇਟਫ਼ਾਰਮ 'ਤੇ ਜਾਰੀ ਹੋਵੇਗਾ।