ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਲਈ ਆਉਣ ਵਾਲਾ ਨਵਾਂ ਸਾਲ 2024 ਕਈ ਸੀਕਵਲਜ਼ ਫਿਲਮਾਂ ਸਾਹਮਣੇ ਲਿਆਉਣ ਦਾ ਸਬੱਬ ਬਣਨ ਜਾ ਰਿਹਾ ਹੈ, ਜਿਸ ਦੀ ਹੀ ਲੜੀ ਵਜੋਂ ਦਰਸ਼ਕਾਂ ਦੇ ਸਨਮੁੱਖ ਹੋਵੇਗੀ 'ਤਬਾਹੀ ਰੀਲੋਡਡ' ਜੋ ਸਾਲ 1993 'ਚ ਸੁਪਰ-ਡੁਪਰ ਹਿੱਟ ਫਿਲਮ 'ਤਬਾਹੀ' ਦੇ ਨਵੇਂ ਵਜੂਦ ਵੱਲੋਂ ਤਿਆਰ ਕੀਤੀ ਗਈ ਹੈ।
'ਟਾਂਡਾ ਫਿਲਮਜ਼ ਨਾਰਵੇ' ਅਤੇ 'ਸੁਰਜੀਤ ਮੂਵੀਜ਼' ਦੇ ਬੈਨਰਜ਼ ਹੇਠ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਸੁਰਜੀਤ ਮੂਵੀਜ਼ ਟੀਮ ਦੁਆਰਾ ਕੀਤਾ ਗਿਆ ਹੈ, ਜਦਕਿ ਐਸੋਸੀਏਟ ਨਿਰਦੇਸ਼ਕ ਵਜੋਂ ਜਿੰਮੇਵਾਰੀ ਮਨੀਸ਼ ਨੇ ਨਿਭਾਈ ਹੈ।
ਚੰਡੀਗੜ੍ਹ ਅਤੇ ਮੋਹਾਲੀ ਆਸ-ਪਾਸ ਦੇ ਇਲਾਕਿਆਂ ਵਿੱਚ ਫਿਲਮਬੱਧ ਕੀਤੀ ਗਈ ਇਸ ਫਿਲਮ ਨੂੰ ਪ੍ਰਭਾਵੀ ਰੂਪ ਦੇਣ ਵਿੱਚ ਦਿੱਗਜ ਪੰਜਾਬੀ ਸਿਨੇਮਾ ਸ਼ਖਸ਼ੀਅਤ ਇਕਬਾਲ ਢਿੱਲੋਂ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ, ਜੋ ਇਸ ਤੋਂ ਪਹਿਲਾਂ ਪਾਲੀਵੁੱਡ ਦੀਆਂ ਬੇਸ਼ੁਮਾਰ ਕਾਮਯਾਬ ਪੰਜਾਬੀ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ। ਇਸ ਦੇ ਨਾਲ-ਨਾਲ ਉਹ ਹਿੰਦੀ ਫਿਲਮ ਜਗਤ ਦੇ ਕਈ ਨਾਮਵਰ ਸਟਾਰਜ਼ ਨੂੰ ਪੰਜਾਬੀ ਸਿਨੇਮਾ ਦਾ ਹਿੱਸਾ ਬਣਾਉਣ ਵਿੱਚ ਵੀ ਯੋਗਦਾਨ ਪਾ ਚੁੱਕੇ ਹਨ, ਜਿੰਨਾਂ ਵਿੱਚ ਧਰਮਿੰਦਰ, ਸ਼ਤਰੂਘਨ ਸਿਨਹਾ, ਸੋਨੂੰ ਸੂਦ, ਜੂਹੀ ਚਾਵਲਾ, ਵੀਨਾ ਮਲਿਕ ਆਦਿ ਸ਼ੁਮਾਰ ਰਹੇ ਹਨ।
ਇਸ ਤੋਂ ਇਲਾਵਾ ਸੋਨੂੰ ਸੂਦ, ਮਾਨਵ ਵਿਜ਼, ਗੁੱਗੂ ਗਿੱਲ, ਪ੍ਰਕਾਸ਼ ਗਿੱਲ ਆਦਿ ਜਿਹੇ ਅਨੇਕਾਂ ਚਿਹਰਿਆਂ ਨੂੰ ਸਟਾਰਡਮ ਦੀ ਰਾਹੇ ਪਾਉਣ ਵੱਲ ਜਿੱਥੇ ਉਨਾਂ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ, ਉਥੇ ਲਹਿੰਦੇ ਪੰਜਾਬ ਦਾ ਚੜ੍ਹਦੇ ਪੰਜਾਬ ਦਾ ਸੁਮੇਲ ਬਣਾਉਣ ਵਿਚ ਵੀ ਉਨਾਂ ਦੁਆਰਾ ਕੀਤੇ ਉਪਰਾਲੇ ਸਲਾਹੁਣਯੋਗ ਰਹੇ ਹਨ।
ਉਕਤ ਹੋਰ ਬਹੁ-ਚਰਚਿਤ ਪੰਜਾਬੀ ਸਿਨੇਮਾ ਸੀਕਵਲ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਨਿਰਮਾਤਾ ਬਲਵੀਰ ਟਾਂਡਾ ਨਾਰਵੇ ਆਖਦੇ ਹਨ ਕਿ ਫਿਲਮ ਦੇ ਨਿਰਮਾਤਾਵਾਂ ਵਿੱਚ ਉਨਾਂ ਤੋਂ ਇਲਾਵਾ ਇਕਬਾਲ ਸਿੰਘ ਢਿੱਲੋਂ, ਬਲਵੀਰ ਟਾਂਡਾ ਵੀ ਸ਼ਾਮਿਲ ਹਨ, ਜਦਕਿ ਇਸ ਦੇ ਸਿਨੇਮਾਟੋਗ੍ਰਾਫ਼ਰ ਸ਼ੈਲੀ ਧੀਮਾਨ, ਪਿੱਠਵਰਤੀ ਗਾਇਕ ਗੁਰਲੇਜ਼ ਅਖ਼ਤਰ, ਨਸੀਬੋ ਲਾਲ, ਫਕਰਮੀਰ, ਗੀਤਕਾਰ ਗੀਤਕਾਰ ਖਵਾਜ਼ਾ ਪ੍ਰਵੇਜ਼, ਦੀਦਾਰ ਸੰਧੂ, ਅਲਤਾਫ ਬਾਜਵਾ ਅਤੇ ਸੰਗੀਤਕਾਰ ਡੀਜੇ ਨਰਿੰਦਰ ਗੌਹਰ ਅਲੀ ਹਨ, ਜਿੰਨਾਂ ਵੱਲੋਂ ਬਹੁਤ ਹੀ ਉਮਦਾ ਸੰਗੀਤਬੱਧਤਾ ਨੂੰ ਅੰਜ਼ਾਮ ਦਿੱਤਾ ਗਿਆ ਹੈ।