ਚੰਡੀਗੜ੍ਹ: ਜੇਕਰ ਤੁਸੀਂ ਪੰਜਾਬੀ ਗੀਤ ਸੁਣਨ ਦੇ ਸ਼ੌਕੀਨ ਹੋ ਤਾਂ ਤੁਸੀਂ ਬੱਬੂ ਮਾਨ ਦੇ ਗੀਤ ਜ਼ਰੂਰ ਸੁਣੇ ਹੋਣਗੇ। ਬੱਬੂ ਮਾਨ ਦੇ ਗੀਤਾਂ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ, ਬੱਬੂ ਮਾਨ ਦੇ ਗੀਤਾਂ ਨੇ ਯੂ-ਟਿਊਬ 'ਤੇ ਕਾਫੀ ਧੂਮ ਮਚਾਈ ਹੋਈ ਹੈ, ਗਾਇਕ ਆਪਣੇ ਗੀਤਾਂ ਨੂੰ ਲੈ ਕੇ ਆਏ ਦਿਨ ਚਰਚਾ ਵਿੱਚ ਰਹਿੰਦਾ ਹੈ।
ਹੁਣ ਗਾਇਕ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ, ਇਸ ਵਾਰ ਚਰਚਾ ਦਾ ਕਾਰਨ ਗਾਇਕ ਦੇ ਗੀਤ ਨਹੀਂ ਬਲਕਿ ਉਸ ਦਾ ਫੇਸਬੁੱਕ ਅਕਾਊਂਟ ਨੂੰ ਹੈਕ ਕਰਨ ਦਾ ਮਾਮਲਾ ਹੈ। ਜੀ ਹਾਂ...ਪੰਜਾਬ ਦੇ ਦਿੱਗਜ ਗਾਇਕ ਬੱਬੂ ਮਾਨ ਦੇ ਫੇਸਬੁੱਕ ਅਕਾਊਂਟ ਨੂੰ ਹੈਕ ਕਰ ਲਿਆ ਗਿਆ ਹੈ। ਇਸ ਬਾਰੇ ਗਾਇਕ ਨੇ ਖੁਦ ਜਾਣਕਾਰੀ ਸਾਂਝੀ ਕੀਤੀ ਹੈ। ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਉਸ ਦੇ ਫੇਸਬੁੱਕ ਅਕਾਊਂਟ ਨੂੰ ਹੈਕ ਕਰ ਲਿਆ ਗਿਆ ਹੈ ਅਤੇ ਉਸ ਦੀ ਟੀਮ ਇਸ ਨੂੰ ਲੈ ਕੇ ਕੰਮ ਉਤੇ ਜੁਟੀ ਹੋਈ ਹੈ।
ਤੁਹਾਨੂੰ ਦੱਸ ਦਈਏ ਕਿ ਬੱਬੂ ਮਾਨ ਇੱਕ ਪੰਜਾਬੀ ਗਾਇਕ-ਗੀਤਕਾਰ ਅਤੇ ਅਦਾਕਾਰ ਹੈ, ਜੋ ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਨਾਲ ਜੁੜਿਆ ਹੋਇਆ ਹੈ। ਗਾਇਕ ਦਾ ਜਨਮ 29 ਮਾਰਚ 1975 ਨੂੰ ਹੋਇਆ ਅਤੇ ਉਨ੍ਹਾਂ ਦਾ ਜਨਮ ਸਥਾਨ ਪਿੰਡ ਖੰਟ ਫਤਹਿਗੜ੍ਹ ਸਾਹਿਬ ਹੈ। ਗਾਇਕ ਨੇ ਆਪਣੀ ਸਕੂਲੀ ਪੜ੍ਹਾਈ ਸਰਕਾਰੀ ਪਬਲਿਕ ਸਕੂਲ ਤੋਂ ਪੂਰੀ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸੰਗੀਤ ਵਿੱਚ ਆਨਰਜ਼ ਨਾਲ ਗ੍ਰੈਜੂਏਸ਼ਨ ਕੀਤੀ।
ਬੱਬੂ ਮਾਨ ਦਾ ਕਰੀਅਰ: ਬੱਬੂ ਮਾਨ ਨੇ 7 ਸਾਲ ਦੀ ਉਮਰ ਵਿੱਚ ਸਕੂਲ ਦੇ ਇੱਕ ਸਮਾਗਮ ਵਿੱਚ ਆਪਣੀ ਪਹਿਲੀ ਸਟੇਜ ਪੇਸ਼ਕਾਰੀ ਦਿੱਤੀ ਸੀ ਅਤੇ ਬਾਅਦ ਵਿੱਚ 16 ਸਾਲ ਦੀ ਉਮਰ ਵਿੱਚ ਉਸਨੇ ਗੀਤਾਂ ਦੇ ਬੋਲ ਤਿਆਰ ਕਰਨੇ ਸ਼ੁਰੂ ਕਰ ਦਿੱਤੇ। 23 ਸਾਲ ਦੀ ਉਮਰ ਵਿੱਚ ਮਾਨ ਨੇ ਆਪਣੀ ਪਹਿਲੀ ਐਲਬਮ "ਸੱਜਣ ਰੁਮਾਲ ਦੇ ਗਿਆ" ਰਿਲੀਜ਼ ਕੀਤੀ। ਮਾਨ ਦੀ ਪਹਿਲੀ ਅਧਿਕਾਰਤ ਡੈਬਿਊ ਐਲਬਮ "ਤੂੰ ਮੇਰੀ ਮਿਸ ਇੰਡੀਆ" ਹੈ। ਫਿਰ ਗਾਇਕ ਨੇ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਗੀਤ ਪੰਜਾਬੀ ਸੰਗੀਤ ਜਗਤ ਦੇ ਝੋਲੀ ਪਾਏ। 2008 ਵਿੱਚ ਗਾਇਕ ਨੇ ਅਦਾਕਾਰੀ ਵਿੱਚ ਹੱਥ ਅਜ਼ਮਾਇਆ ਅਤੇ ਗੁਰਲੀਨ ਚੋਪੜਾ ਅਤੇ ਮਹਿਮਾ ਮਹਿਤਾ ਦੇ ਨਾਲ ਇੱਕ ਸੁਪਰਹਿੱਟ ਫਿਲਮ "ਹਸ਼ਰ ਏ ਲਵ ਸਟੋਰੀ" ਲੈ ਕੇ ਆਇਆ।
ਹੁਣ ਇਥੇ ਜੇਕਰ ਅਦਾਕਾਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਮਾਨ ਦਾ ਹਾਲ ਹੀ ਵਿੱਚ ਗੀਤ 'ਪਹਿਲੀ ਵਾਰੀ ਪੀਤੀ ਆ' ਰਿਲੀਜ਼ ਹੋਇਆ। ਜਿਸ ਨੂੰ ਦਰਸ਼ਕਾਂ ਨੇ ਖਾਸਾ ਪਸੰਦ ਕੀਤਾ। ਗੀਤ ਨੂੰ ਹੁਣ ਤੱਕ 19 ਲੱਖ ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ:KKBKKJ Collection: ਸਿਨੇਮਾਘਰਾਂ ਦਾ ਸ਼ਿੰਗਾਰ ਬਣਨ 'ਚ ਅਸਫ਼ਲ ਰਹੀ ਸਲਮਾਨ ਦੀ 'ਭਾਈਜਾਨ', 13ਵੇਂ ਦਿਨ ਕੀਤੀ ਸਿਰਫ਼ ਇੰਨੀ ਕਮਾਈ