ਚੰਡੀਗੜ੍ਹ: ਪੰਜਾਬੀ ਸਾਹਿਤ ਜਗਤ ਵਿੱਚ ਹਮੇਸ਼ਾ ਟਿਮਟਮਾਉਂਦੇ ਤਾਰਿਆਂ ਵਾਂਗ ਆਪਣੇ ਵਜੂਦ ਦਾ ਇਜ਼ਹਾਰ ਕਰਵਾਉਂਦੇ ਰਹੇ ਹਨ ਅਜ਼ੀਮ ਸ਼ਾਇਰ ਅਤੇ ਚਿੱਤਰਕਾਰ ਇਮਰੋਜ਼, ਜਿੰਨ੍ਹਾਂ ਦਾ ਅੱਜ ਅਚਾਨਕ ਸਵਰਗਵਾਸ ਹੋ ਜਾਣਾ ਇੱਕ ਅਜਿਹੀ ਪ੍ਰੇਮ ਕਹਾਣੀ ਨੂੰ ਵਿਰਾਮ ਦੇ ਗਿਆ ਹੈ, ਜਿਸ ਵਿਚਲੀ ਪਾਕੀਜ਼ਗੀ ਦੀਆਂ ਬਾਤਾਂ ਹਮੇਸ਼ਾ ਸਾਹਿਤਕ ਗਲਿਆਰਿਆਂ ਵਿੱਚ ਤਾਜ਼ਾ ਖਿੜੇ ਫੁੱਲਾਂ ਵਾਂਗ ਆਪਣੀ ਮਹਿਕ ਦਾ ਅਹਿਸਾਸ ਕਰਵਾਉਂਦੀਆਂ ਰਹੀਆਂ ਹਨ।
ਸਾਲ 1926 ਵਿੱਚ ਪਾਕਿਸਤਾਨ ਵਿੱਚ ਜਨਮੇ ਇਮਰੋਜ਼ ਦਾ ਅਸਲੀ ਨਾਮ ਇੰਦਰਜੀਤ ਸਿੰਘ ਸੀ, ਜਿੰਨਾਂ ਦਾ ਜਨਮ ਲਾਹੌਰ ਤੋਂ 100 ਕਿਲੋਮੀਟਰ ਦੂਰ ਇੱਕ ਨਿੱਕੜੇ ਜਿਹੇ ਪਿੰਡ ਵਿੱਚ ਇੱਕ ਆਮ ਪਰਿਵਾਰ ਦੇ ਘਰ ਹੋਇਆ। ਪੰਜਾਬੀ ਸਾਹਿਤ ਖੇਤਰ ਦੀ ਮਹਾਨ ਕਵਿਤਰੀ ਅੰਮ੍ਰਿਤਾ ਪ੍ਰੀਤਮ ਨਾਲ ਉਨਾਂ ਦੀ ਸਾਂਝ ਅਤੇ ਸਨੇਹ ਕਲ-ਕਲ ਵਹਿਣ ਵਾਲੀਆਂ ਉਨਾਂ ਪਾਣੀ ਦੀਆਂ ਧਰਾਵਾਂ ਵਾਂਗ ਰਿਹਾ ਹੈ, ਜੋ ਇਕੱਠਿਆਂ ਵਹਿ ਕੇ ਵੀ ਆਪਣੀਆਂ ਅਲੱਗ ਅਲੱਗ ਧਾਰਾਵਾਂ ਦਾ ਅਹਿਸਾਸ ਕਰਵਾਉਂਦੀਆਂ ਰਹਿੰਦੀਆਂ ਹਨ।
ਦੋਵੇਂ ਇੱਕ-ਦੂਜੇ ਦੇ ਕਰੀਬ ਹੋ ਕੇ ਵੀ ਸਾਰੀ ਉਮਰ ਰਕੀਬਾ ਵਾਂਗ ਰਹੇ। ਸਾਲ 2005 ਦੀ 31 ਅਕਤੂਬਰ ਨੂੰ ਅੰਮ੍ਰਿਤਾ ਦੀ ਮੌਤ ਹੋ ਜਾਣ ਸਮੇਂ ਵੀ ਉਹ ਉਸ ਨਾਲ ਸਾਏ ਵਾਂਗ ਮੌਜੂਦ ਰਹੇ ਸਨ, ਜਿੰਨਾਂ ਨੂੰ 'ਜੀਤ' ਨਾਂਅ ਵੀ ਅੰਮ੍ਰਿਤਾ ਪ੍ਰੀਤਮ ਵੱਲੋਂ ਹੀ ਦਿੱਤਾ ਗਿਆ ਸੀ। ਅੰਮ੍ਰਿਤਾ ਦੀ ਮੌਤ ਤੋਂ ਬਾਅਦ ਹੀ ਅਸਲ ਮਾਅਨਿਆਂ ਵਿੱਚ ਸ਼ਾਇਰ ਬਣੇ ਸਨ ਇਮਰੋਜ਼, ਜਿੰਨਾਂ ਦੀਆਂ ਬੇਸ਼ੁਮਾਰ ਨਜ਼ਮਾ ਉਨਾਂ ਦੇ ਅਪਣੱਤਵ ਭਰੇ ਇਸ ਰਿਸ਼ਤੇ ਵਿਚਲੇ ਨਿੱਘ ਦਾ ਇਜ਼ਹਾਰ ਬਾਖੂਬੀ ਕਰਵਾਉਂਦੀਆਂ ਰਹੀਆਂ ਹਨ।
- Dunki Opening Day: ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਸ਼ਾਹਰੁਖ ਖਾਨ ਦੀ 'ਡੰਕੀ', ਪਹਿਲੇ ਦਿਨ ਕੀਤੀ ਇੰਨੀ ਕਮਾਈ
- Sham Kaushal In Dunki: 'ਡੰਕੀ' ਨਾਲ ਹੋਰ ਮਾਣਮੱਤੇ ਅਧਿਆਏ ਵੱਲ ਵਧੇ ਸ਼ਾਮ ਕੌਸ਼ਲ, ਕਈ ਵੱਡੀਆਂ ਫਿਲਮਾਂ ਨੂੰ ਦੇ ਚੁੱਕੇ ਨੇ ਪ੍ਰਭਾਵੀ ਮੁਹਾਂਦਰਾ
- Sapna Bassi Upcoming Film: ਸ਼ਾਨਦਾਰ ਸਿਨੇਮਾ ਪਾਰੀ ਵੱਲ ਵਧੀ ਖੂਬਸੂਰਤ ਅਦਾਕਾਰਾ ਸਪਨਾ ਬੱਸੀ, ਇਸ ਫਿਲਮ 'ਚ ਆਵੇਗੀ ਨਜ਼ਰ
ਅੰਮ੍ਰਿਤਾ ਦੇ ਇਸ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਇਮਰੋਜ਼ ਨੇ ਹੁਣ ਤੱਕ ਆਪਣੇ ਆਪ ਨੂੰ ਗੁੰਮਨਾਮੀ ਦੇ ਅਜਿਹੇ ਹਨੇਰਿਆਂ 'ਚ ਲੁਕੋ ਕੇ ਰੱਖਿਆ, ਜਿਸ ਦੀ ਰੌਸ਼ਨੀ ਭਰੀ ਸਵੇਰ ਨੂੰ ਵੇਖਣਾ ਕਿਸੇ ਵਿਰਲੇ ਟਾਂਵੇ ਨੂੰ ਹੀ ਨਸੀਬ ਹੋ ਪਾਇਆ ਸੀ। ਉਨਾਂ ਨੇ ਪਿਛਲੇ ਕੁਝ ਸਾਲਾਂ ਤੋਂ ਕਿਸੇ ਨੂੰ ਵੀ ਮਿਲਣਾ ਬੰਦ ਕਰ ਦਿੱਤਾ ਸੀ ਅਤੇ ਇਕੱਲਤਾ ਭਰੇ ਪਲ਼ਾਂ ਨਾਲ ਹੀ ਉਨਾਂ ਆਪਣੀ ਸਾਰੀ ਉਮਰ ਗੁਜ਼ਾਰ ਦਿੱਤੀ।
ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਸੁਨਿਹਰੇ ਹਰਫ਼ਾਂ ਵਿੱਚ ਆਪਣਾ ਨਾਂਅ ਦਰਜ ਕਰਵਾ ਇਮਰੋਜ਼ ਵੱਲੋਂ ਆਪਣੀ ਜਿੰਦਗੀ ਨਾਲ ਜੁੜੇ ਤਮਾਮ ਪੜਾਵਾਂ ਨੂੰ ਫਰੋਲਦੀ ਇੱਕ ਕਿਤਾਬ 'ਅੰਮ੍ਰਿਤਾ ਕੇ ਲੀਏ ਨਜ਼ਮ ਜਾਰੀ ਹੈ' ਵੀ ਲਿਖੀ ਗਈ, ਜਿਸ ਨੂੰ ਹਿੰਦੀ ਵਰਸ਼ਨ ਅਧੀਨ ਹਿੰਦੀ ਪਾਕੇਟ ਬੁੱਕਸ ਦੁਆਰਾ ਸਾਲ 2008 ਵਿੱਚ ਪ੍ਰਕਾਸ਼ਿਤ ਕੀਤਾ ਗਿਆ।
ਦੁਨੀਆ ਭਰ ਵਿੱਚ ਵਸੇਂਦੇ ਸਾਹਿਤ ਪ੍ਰੇਮੀਆਂ ਦੇ ਜਿਹਨ ਵਿੱਚ ਆਪਣੀਆਂ ਅਮਿਟ ਯਾਦਾਂ ਛੱਡ ਜਾਣ ਵਾਲੇ ਇਮਰੋਜ਼ ਅਤੇ ਅੰਮ੍ਰਿਤਾ ਪ੍ਰੀਤਮ ਦੀ ਪ੍ਰੇਮ ਕਹਾਣੀ ਟਿਮਟਮਾਉਂਦੇ ਰਹਿਣ ਵਾਲੇ ਅੰਬਰੀ ਸਿਤਾਰਿਆਂ ਵਾਂਗ ਹਮੇਸ਼ਾ ਅਮਰ ਰਹੇਗੀ।