ਚੰਡੀਗੜ੍ਹ: ਹਿੰਦੀ ਸਿਨੇਮਾ ਅਤੇ ਛੋਟੇ ਪਰਦੇ ਦੇ ਬਾਕਮਾਲ ਅਦਾਕਾਰ ਵਜੋਂ ਜਾਂਣੇ ਜਾਂਦੇ ਅਨੂਪ ਸੋਨੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਤਿਆਰ ਕੀਤੇ ਗਏ ਨਾਟਕ ‘ਮਾਈ ਵਾਈਫ਼ ਇਜ਼ 8 ਵਚਨ’ ਦਾ ਪ੍ਰਭਾਵੀ ਮੰਚਨ ਦਿੱਲੀ ਦੇ ਕਮਾਨੀ ਆਡੋਟੋਰੀਅਮ, ਮੰਡੀ ਹਾਊਸ ਵਿਖੇ ਕੀਤਾ ਗਿਆ, ਜਿੱਥੇ ਇਕੱਤਰ ਹੋਏ ਵੱਡੀ ਗਿਣਤੀ ਦਰਸ਼ਕਾਂ ਅਤੇ ਕਲ੍ਹਾ ਪ੍ਰੇਮੀਆਂ ਨੇ ਇਸ ਸ਼ੋਅ ਦਾ ਰੱਜਵਾ ਆਨੰਦ ਮਾਣਿਆ।
ਥੀਏਟਰ ਦੀ ਦੁਨੀਆਂ ਵਿਚ ਚਰਚਿਤ ਨਾਂਅ ਵਜੋਂ ਸ਼ੁਮਾਰ ਕਰਵਾਉਂਦੇ ਅਤੁਲ ਸੱਤਿਆ ਕੌਸ਼ਿਕ ਦੁਆਰਾ ਨਿਰਦੇਸ਼ਿਤ ਕੀਤੇ ਗਏ ਇਸ ਨਾਟਕ ਨੂੰ ਟੈਗਲਾਈਨ ਇਸਪਾਇਰ ਬਾਏ ਯੂਅਰ ਮੈਰਿਜ ਦਿੱਤੀ ਗਈ, ਜਿਸ ਵਿਚਲੇ ਕਲਾਕਾਰਾਂ ਵਿਚ ਅਨੂਪ ਸੋਨੀ ਤੋਂ ਇਲਾਵਾ ਵਿਨੈ ਜੈਨ, ਮਨੀਸ਼ਾ ਸਿੰਘ ਕਟਿਆਲ ਆਦਿ ਸ਼ਾਮਿਲ ਰਹੇ।
‘ਐਫ਼ਟੀਐਚ’ ਦੇ ਪ੍ਰਸਤੁਤੀਕਰਨ ਹੇਠ ਖੇਡੇ ਗਏ ਇਸ ਨਾਟਕ ਦੀ ਕਹਾਣੀ ਇਕ ਅਜਿਹੀ ਪਤਨੀ 'ਤੇ ਆਧਾਰਿਤ ਰਹੀ, ਜਿਸ ਦੇ ਵੱਲੋਂ ਪੂਰੇ ਕੀਤੇ ਜਾਣ ਵਾਲੇ ਆਪਣੇ 8 ਅੱਠ ਵਚਨਾਂ ਕਾਰਣ ਉਸਦੇ ਪਤੀ ਨੂੰ ਦਿਲਚਸਪ ਅਤੇ ਅਨੂਠੀਆਂ ਪਰਿਵਾਰਿਕ ਅਤੇ ਸਮਾਜਿਕ ਪਰਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਕਤ ਨਾਟਕ ਦਾ ਅਹਿਮ ਹਿੱਸਾ ਬਣੇ ਅਦਾਕਾਰਾ ਅਨੂਪ ਸੋਨੀ ਦੇ ਕਰੀਅਰ ਅਤੇ ਨਿੱਜੀ ਜੀਵਨ ਦਾ ਗੱਲ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਵੀ ਸਹਿਜੇ ਹੀ ਹੋ ਜਾਂਦਾ ਹੈ ਕਿ ਫ਼ਿਲਮਜ਼, ਟੀ.ਵੀ ਦੇ ਨਾਲ ਨਾਲ ਥੀਏਟਰ ਜਗਤ ਵੀ ਉਨ੍ਹਾਂ ਦੇ ਜੀਵਨ ਦਾ ਅਟੁੱਟ ਹਿੱਸਾ ਬਣ ਚੁੱਕਾ ਹੈ, ਜਿਸ ਦਾ ਕਾਰਣ ਉਨ੍ਹਾਂ ਦੀ ਪਤਨੀ ਜੂਹੀ ਬੱਬਰ ਅਤੇ ਉਨ੍ਹਾਂ ਦੀ ਸੱਸ ਨਾਦਿਰਾ ਬੱਬਰ ਦਾ ਇਸ ਖਿੱਤੇ ਵਿਚ ਜਨੂੰਨੀਅਤ ਦੀ ਹੱਦ ਤੱਕ ਜੁੜਿਆ ਹੋਣਾ ਵੀ ਮੁੱਖ ਮੰਨਿਆਂ ਜਾ ਸਕਦਾ ਹੈ, ਜਿੰਨ੍ਹਾਂ ਦੀ ਇਸ ਕਰਮਭੂਮੀ ਸਟੇਜ਼ ਨਾਲ ‘ਏਕਜੁੱਟ ਥੀਏਟਰ ਗਰੁੱਪ’ ਅਧੀਨ ਸਾਲਾਂਬੱਧੀ ਬਣੇ ਆ ਰਹੇ ਜੁੜਾਵ ਅਤੇ ਉਨ੍ਹਾਂ ਨਾਲ ਬਰਾਬਰ ਸ਼ਮੂਲੀਅਤ ਦੇ ਚਲਦਿਆਂ ਹੀ ਅਨੂਪ ਅੱਜਕੱਲ੍ਹ ਖੁਦ ਸਟੇਜ਼ 'ਤੇ ਆਪਣੀ ਅਭਿਨੈ ਸ਼ੈਲੀ ਨੂੰ ਹੋਰ ਪਰਪੱਕਤਾ ਅਤੇ ਸ਼ਾਨਦਾਰ ਰੂਪ ਦਿੰਦੇ ਨਜ਼ਰੀ ਪੈ ਰਹੇ ਹਨ।
ਸੋਨੀ ਟੈਲੀਵਿਜ਼ਨ ਦੇ ਕ੍ਰਾਈਮ ਸ਼ੋਅ ‘ਕ੍ਰਾਈਮ ਪਟਰੋਲ’, ਸੀ ਆਈ ਡੀ ਆਦਿ ਨੂੰ ਸਫ਼ਲਤਾਪੂਰਵਕ ਹੋਸਟ ਕਰਦੇ ਆ ਰਹੇ ਅਨੂਪ ਇੰਨ੍ਹੀ ਦਿਨ੍ਹੀਂ ਕਈ ਵੱਡੀਆਂ ਫ਼ਿਲਮਜ਼ ਅਤੇ ਟੀ.ਵੀ ਸੋਅਜ਼ ਕਰਨ ਦਾ ਵੀ ਮਾਣ ਲਗਾਤਾਰ ਹਾਸਿਲ ਕਰ ਰਹੇ ਹਨ, ਜਿੰਨ੍ਹਾਂ ਦੇ ਹਾਲੀਆਂ ਪ੍ਰੋਜੈਕਟਾਂ ਵਿਚ 'ਸਾਸ ਬਹੂ ਆਚਾਰ', 'ਸੱਤਿਆਮੇਵ ਜਯੰਤੇ 2', 'ਖਾਲੀ ਪਾਲੀ', 'ਕਲਾਸ ਆਫ਼ 83' ਆਦਿ ਵੀ ਸ਼ਾਮਿਲ ਰਹੇ ਹਨ।
ਇਸ ਤੋਂ ਇਲਾਵਾ ਥੀਏਟਰ ਖਿੱਤੇ ਵਿਚ ਵੀ ਉਨ੍ਹਾਂ ਦੀਆਂ ਸਰਗਰਮੀਆਂ ਦਿਨ-ਬ-ਦਿਨ ਹੋਰ ਵਿਸ਼ਾਲਤਾ ਅਖ਼ਤਿਆਰ ਕਰ ਰਹੀਆਂ ਹਨ, ਜਿਸ ਦੀ ਲੜੀ ਵਿਚ ਇਕ ਹੋਰ ਪਲੇ ਵੀ ਸ਼ਾਮਿਲ ਕੀਤਾ ਜਾ ਚੁੱਕਾ ਹੈ, ਜਿਸ ਦਾ ਨਾਂਅ ਹੈ ‘ਬਾਲੀਗੰਜ਼’ ਅਤੇ ਇਸ ਦਾ ਮੰਚਨ ਵੀ ਦੇਸ਼ ਦੇ ਵੱਖ ਵੱਖ ਹਿੱਸਾ ਵਿਚ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਹੈ।