ਚੰਡੀਗੜ੍ਹ: ਮਾਲਵਾ ਦੇ ਰਜਵਾੜਾਸ਼ਾਹੀ ਜ਼ਿਲ੍ਹਾਂ ਫ਼ਰੀਦਕੋਟ ਨਾਲ ਸੰਬੰਧਤ ਕਈ ਪ੍ਰਤਿਭਾਵਾਂ ਕਲਾ ਖੇਤਰ ਵਿਚ ਨਵੇਂ ਦਿਸਹਿੱਦੇ ਸਿਰਜਣ ਅਤੇ ਦੇਸ਼, ਵਿਦੇਸ਼ ਵਿੱਚ ਆਪਣੀ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿਚ ਸਫ਼ਲ ਰਹੀਆਂ ਹਨ, ਜਿੰਨ੍ਹਾ ਦੀ ਹੀ ਮਾਣਮੱਤੀ ਲੜੀ ਵਿੱਚ ਅੱਜਕੱਲ੍ਹ ਹੋਰ ਇਜ਼ਾਫ਼ਾ ਕਰ ਰਹੀ ਬਹੁਆਯਾਮੀ ਕਲਾਵਾਂ ਦੀ ਧਨੀ ਅਦਾਕਾਰਾ ਪ੍ਰਵੀਨ ਅਖ਼ਤਰ, ਜੋ ਥੀਏਟਰ ਤੋਂ ਬਾਅਦ ਪੰਜਾਬੀ ਸਿਨੇਮਾ ਖੇਤਰ ਵਿਚ ਵੀ ਮਜ਼ਬੂਤ ਪੈੜ੍ਹਾਂ ਸਿਰਜਣ ਵੱਲ ਵੱਧ ਰਹੀ ਹੈ।
ਰੰਗ ਮੰਚ ਤੋਂ ਆਪਣੇ ਅਦਾਕਾਰੀ ਪੈਂਡੇ ਦੀ ਸ਼ੁਰੂਆਤ ਕਰਨ ਵਾਲੀ ਇਹ ਹੋਣਹਾਰ ਅਦਾਕਾਰਾ ਇਲਾਕੇ ਦੇ ਮਸ਼ਹੂਰ ਅਤੇ ਅਹਿਮ ਸੰਗੀਤਕ ਪਰਿਵਾਰ ਅਖ਼ਤਰ ਘਰਾਣੇ ਨਾਲ ਤਾਲੁਕ ਰੱਖਦੀ ਹੈ, ਜਿੰਨ੍ਹਾਂ ਵੱਲੋਂ ਪੁਰਾਤਨ ਸੰਗੀਤ ਦਾ ਪਸਾਰਾ ਕਰਨ ਵਿਚ ਪਿਛਲੇ ਕਈ ਦਹਾਕਿਆਂ ਤੋਂ ਖਾਸਾ ਯੋਗਦਾਨ ਦਿੱਤਾ ਜਾ ਰਿਹਾ ਹੈ।
ਦੁਨੀਆ-ਭਰ ਵਿਚ ਮਿਆਰੀ ਪੰਜਾਬੀ ਗਾਇਕੀ ਨੂੰ ਨਵੇਂ ਆਯਾਮ ਦੇਣ ਵਿਚ ਸਫ਼ਲ ਰਹੇ ਮਰਹੂਮ ਦਿਲਸ਼ਾਦ ਅਖ਼ਤਰ, ਮਨਪ੍ਰੀਤ ਅਖ਼ਤਰ ਤੋਂ ਲੈ ਕੇ ਗੁਰਲੇਜ਼ ਅਖ਼ਤਰ-ਜੈਸਮੀਨ ਅਖ਼ਤਰ ਆਦਿ ਜਿਹੀਆਂ ਨਾਮਵਰ ਸੰਗੀਤਕ ਹਸਤੀਆਂ ਦੇ ਪਰਿਵਾਰ ਨਾਲ ਸੰਬੰਧਤ ਅਦਾਕਾਰਾ ਪ੍ਰਵੀਨ ਅਖ਼ਤਰ ਦੇ ਪਿਤਾ ਗੁਲਾਮ ਹੁਸੈਨ ਵੀ ਪੁਰਾਤਨ ਸੰਗੀਤ ਅਤੇ ਸਾਜ਼ਾਂ ਦੀ ਡੂੰਘੀ ਸਮਝ ਰੱਖਦੇ ਹਨ, ਜਿੰਨ੍ਹਾਂ ਪਾਸੋਂ ਮਿਲੇ ਪਿਤਾ ਪੁਰਖੀ ਸੰਸਕਾਰਾਂ ਅਤੇ ਗੁਣਾਂ ਨੇ ਉਸ ਦੀਆਂ ਪ੍ਰਤਿਭਾਵਾਂ ਨੂੰ ਤਰਾਸ਼ਣ ਵਿਚ ਅਹਿਮ ਭੂਮਿਕਾ ਹੈ।
- Punjabi Horror Film Gudiya: ਪੰਜਾਬੀ ਹੌਰਰ ਫਿਲਮ ‘ਗੁੜੀਆ’ 'ਚ ਲੀਡ ਭੂਮਿਕਾ ਵਿੱਚ ਨਜ਼ਰ ਆਉਣਗੇ ਗਾਇਕ-ਅਦਾਕਾਰ ਯੁਵਰਾਜ ਹੰਸ
- Waheeda Rehman: ਵਹੀਦਾ ਰਹਿਮਾਨ ਨੇ ਫਿਲਮ ਇੰਡਸਟਰੀ ਨੂੰ ਸਮਰਪਿਤ ਕੀਤਾ ਦਾਦਾ ਸਾਹਿਬ ਫਾਲਕੇ ਅਵਾਰਡ
- Punjabi Film Gudiya Poster: ਪੰਜਾਬੀ ਸਿਨੇਮਾ ਦੀ ਪਹਿਲੀ ਹੌਰਰ ਫਿਲਮ 'ਗੁੜੀਆ' ਦਾ ਡਰਾਵਣਾ ਪੋਸਟਰ ਹੋਇਆ ਰਿਲੀਜ਼, ਫਿਲਮ ਇਸ ਦਿਨ ਹੋਵੇਗੀ ਰਿਲੀਜ਼
ਥੀਏਟਰ ਦੀ ਦੁਨੀਆਂ ਵਿਚ ਬਾਬਾ ਬੋਹੜ੍ਹ ਵਜੋਂ ਜਾਣੇ ਜਾਂਦੇ ਰਹੇ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਦੀ ਨਾਟਕ ਕਲਾ ਦੀ ਫੈਨ ਰਹੀ ਇਸ ਅਦਾਕਾਰਾ ਨੇ ਦੱਸਿਆ ਕਿ ਪੰਜ ਸਾਲ ਦੀ ਨਿੱਕੜ੍ਹੀ ਉਮਰ ਤੋਂ ਹੀ ਉਸ ਦੀ ਰੰਗ ਮੰਚ ਵੱਲ ਚੇਟਕ ਵਧਣ ਲੱਗ ਪਈ ਸੀ, ਜੋ ਹੌਲੀ-ਹੌਲੀ ਮਨ ਅਤੇ ਦਿਲ 'ਤੇ ਅਜਿਹੀ ਹਾਵੀ ਹੋਈ ਕਿ ਇਕ ਦਿਨ ਪੂਰਨ ਰੂਪ ਵਿਚ ਇਸ ਖਿੱਤੇ ਵਿਚ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ।
ਹਾਲੀਆ ਸਮੇਂ ਰਿਲੀਜ਼ ਹੋਈਆਂ ‘ਅੰਗਰੇਜ਼’, ‘ਕੱਚੇ ਧਾਗੇ’, ‘ਤੂਫ਼ਾਨ ਸਿੰਘ’, ਨੇਹਾ ਧੂਪੀਆ ਸਟਾਰਰ ‘ਲੱਕੀ ਕਬੂਤਰ’ ਆਦਿ ਕਈ ਵੱਡੀਆਂ ਪੰਜਾਬੀ, ਹਿੰਦੀ ਅਤੇ ਬਿੱਗ ਸੈਟਅੱਪ ਪੰਜਾਬੀ ਫਿਲਮਾਂ ਵਿਚ ਪ੍ਰਭਾਵਸ਼ਾਲੀ ਕਿਰਦਾਰ ਅਦਾ ਕਰ ਚੁੱਕੀ ਹੈ ਇਹ ਅਦਾਕਾਰਾ, ਜਿਸ ਨੇ ਆਪਣੇ ਕਰੀਅਰ ਵੱਲ ਨਜ਼ਰਸਾਨੀ ਕਰਵਾਉਂਦਿਆਂ ਅੱਗੇ ਦੱਸਿਆ ਕਿ ਰੰਗਮੰਚ ਦਾ ਲੰਮਾਂ ਤਜ਼ਰਬਾ ਉਸ ਨੂੰ ਫਿਲਮ ਖੇਤਰ ਵਿਚ ਅੱਗੇ ਵਧਾਉਣ ਵਿਚ ਕਾਫ਼ੀ ਸਹਾਈ ਸਾਬਿਤ ਹੋ ਰਿਹਾ ਹੈ, ਜਿੱਥੋਂ ਸਿੱਖੀਆਂ ਸਮਝੀਆਂ ਬਾਰੀਕੀਆਂ ਦੀ ਬਦੌਂਲਤ ਹੀ ਉਸ ਨੂੰ ਆਪਣੀ ਹਰ ਭੂਮਿਕਾ ਨੂੰ ਪ੍ਰਭਾਵੀ ਰੂਪ ਦੇਣ ਵਿਚ ਮਦਦ ਮਿਲ ਰਹੀ ਹੈ।
ਜਸਪਾਲ ਭੱਟੀ ਦੇ ਐਕਟਿੰਗ ਸਕੂਲ ਦਾ ਵੀ ਸ਼ਾਨਦਾਰ ਹਿੱਸਾ ਰਹੀ ਇਹ ਅਦਾਕਾਰਾ ਪੰਜਾਬੀ ਸਿਨੇਮਾ ਦੇ ਦਿੱਗਜ ਐਕਟਰ ਯੋਗਰਾਜ ਸਿੰਘ ਦੀ ਨਿੱਜੀ ਸਕੱਤਰ ਵਜੋਂ ਵੀ ਕਈ ਸਾਲ ਬਾਖ਼ੂਬੀ ਆਪਣੀਆਂ ਜਿੰਮੇਵਾਰੀਆਂ ਨਿਭਾ ਚੁੱਕੀ ਹੈ, ਜਿਸ ਨੇ ਦੱਸਿਆ ਕਿ ਯੋਗਰਾਜ ਸਿੰਘ ਜੀ ਨਾਲ ਪਰਿਵਾਰਿਕ ਸਾਂਝ ਦੇ ਚੱਲਦਿਆਂ ਉਸ ਨੂੰ ਕਾਫ਼ੀ ਸਮਾਂ ਉਨਾਂ ਦੇ ਫਿਲਮੀ ਕਾਰਜ ਸੰਭਾਲਣ ਦਾ ਅਵਸਰ ਮਿਲਿਆ ਹੈ, ਜਿਸ ਦੌਰਾਨ ਉਨਾਂ ਪਾਸੋਂ ਬਹੁਤ ਕੁਝ ਸਿੱਖਣ ਅਤੇ ਸਮਝਣ ਨੂੰ ਤਾਂ ਮਿਲਿਆ ਹੀ ਹੈ, ਨਾਲ ਹੀ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਨੇ ਅੱਗੇ ਵਧਣ ਦਾ ਉਤਸ਼ਾਹ ਵੀ ਪੈਦਾ ਕੀਤਾ ਹੈ।
ਪੰਜਾਬੀ ਸਿਨੇਮਾ ਲਈ ਬਣੀਆਂ ਜਿਆਦਾਤਰ ਕਮਰਸ਼ਿਅਲ ਅਤੇ ਮੇਨ ਸਟਰੀਮ ਫਿਲਮਾਂ ਦਾ ਹਿੱਸਾ ਰਹੀ ਇਸ ਅਦਾਕਾਰਾ ਨੇ ਦੱਸਿਆ ਕਿ ਆਉਣ ਵਾਲੇ ਦਿਨ੍ਹਾਂ ਵਿੱਚ ਰਿਲੀਜ਼ ਹੋਣ ਵਾਲੀਆਂ ਕਈ ਆਫ਼ਬੀਟ ਫਿਲਮਾਂ ਵਿੱਚ ਵੀ ਉਹ ਕਾਫ਼ੀ ਅਹਿਮ ਕਿਰਦਾਰ ਅਦਾ ਕਰ ਰਹੀ ਹੈ, ਜਿਸ ਵਿਚ ਦਰਸ਼ਕ ਉਸ ਨੂੰ ਵੱਖੋ-ਵੱਖਰੇ ਰੰਗਾਂ ਦੀਆਂ ਭੂਮਿਕਾਵਾਂ ਵਿਚ ਵੇਖਣਗੇ।