ਫ਼ਰੀਦਕੋਟ: ਪੰਜਾਬ ਤੋਂ ਗਏ ਬਹੁਤ ਸਾਰੇ ਕਲਾਕਾਰਾਂ ਨੇ ਮਾਇਆਨਗਰੀ ਮੁੰਬਈ ਵਿਚ ਆਪਣੀ ਕਾਬਲੀਅਤ ਦਿਖਾਈ ਹੈ। ਜਿੰਨ੍ਹਾਂ ਵਿਚ ਹੀ ਇੱਕ ਨਾਮ ਹੈ ਅਦਾਕਾਰ ਬੌਬੀ ਬੇਦੀ। ਜਿੰਨ੍ਹਾਂ ਨੂੰ ਬਾਲੀਵੁੱਡ ਦੀ ਇਕ ਹੋਰ ਵੱਡੀ ਫ਼ਿਲਮ ਮਿਲੀ ਹੈ। ਜਿਸ ਦੀ ਸ਼ੂਟਿੰਗ ਇੰਨ੍ਹੀ ਦਿਨ੍ਹੀ ਕੁੱਲੂ ਮਨਾਲੀ ਦੀਆਂ ਖੂਬਸੁੂਰਤ ਅਤੇ ਮਨਮੋਹਕ ਵਾਦੀਆ ਵਿਚ ਤੇਜ਼ੀ ਨਾਲ ਸੰਪੂਰਨ ਕੀਤੀ ਜਾ ਰਹੀ ਹੈ। ਤਮਿਲ ਫ਼ਿਲਮ ਦੇ ਨਾਮਵਰ ਨਿਰਦੇਸ਼ਕ ਸੁਨੀਲ ਕੁਮਾਰ ਰੈਡੀ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਅਨਟਾਈਟਲ ਹਿੰਦੀ ਫ਼ਿਲਮ ਵਿਚ ਬੌਬੀ ਅਜਿਹੇ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾ ਰਹੇ ਹਨ ਜੋ ਜੰਮੂ ਕਸ਼ਮੀਰ ਵਿਚ ਬਤੌਰ ਐਸ.ਪੀ ਤੈਨਾਤ ਹੈ।
ਉਨ੍ਹਾਂ ਦੱਸਿਆ ਕਿ ਇਹ ਗ੍ਰੇ ਸ਼ੇਡ ਕਿਰਦਾਰ ਹੈ। ਜੋ ਕਾਫ਼ੀ ਚੁਣੋਤੀਪੂਰਨ ਹੈ ਅਤੇ ਇਸ ਕਿਰਦਾਰ ਵਿਚ ਦਰਸ਼ਕਾਂ ਨੂੰ ਉਨ੍ਹਾਂ ਦੇ ਅਭਿਨੈ ਦੇ ਕਈ ਨਵੇਂ ਸ਼ੇਡਜ਼ ਦੇਖਣ ਨੂੰ ਮਿਲਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਫ਼ਿਲਮ ਦੇ ਹਿਮਾਚਲ ਪ੍ਰਦੇਸ਼ ਵਿਚ ਜਾਰੀ ਸ਼ਡਿਊਲ ਵਿਚ ਹਿੰਦੀ ਸਿਨੇਮਾਂ ਦੇ ਕਈ ਹੋਰ ਨਾਮੀ ਕਲਾਕਾਰ ਵੀ ਭਾਗ ਲੈ ਰਹੇ ਹਨ। ਜਿੰਨ੍ਹਾਂ ਵਿਚ ਅਰਬਾਜ਼ ਖ਼ਾਨ, ਰਾਜੂ ਖ਼ੇਰ, ਸਿਧਾਂਤ ਇਸਰ ਜੋ ਦਿਗਜ਼ ਅਦਾਕਾਰ ਪੁਨੀਤ ਇਸਰ ਦੇ ਬੇਟੇ ਹਨ ਵੀ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਦੇ ਕੈਮਰਾਮੈਨ ਮਿਸਟਰ ਰਾਮ ਕ੍ਰਿਸ਼ਨਨ ਹਨ। ਜੋ ਸਾਊਥ ਅਤੇ ਤਮਿਲ ਫ਼ਿਲਮ ਇੰਡਸਟਰੀਜ਼ ਦੇ ਉਚਕੋਟੀ ਸਿਨੇਮਾਟੋਗ੍ਰਾਫ਼ਰ ਵਜੋਂ ਜਾਂਣੇ ਜਾਂਦੇ ਹਨ।
ਅਦਾਕਾਰ ਬੌਬੀ ਨੇ ਦੱਸਿਆ ਕਿ ਕੁਲੂ ਮਨਾਲੀ ਵਿਖੇ ਸ਼ੁਰੂ ਹੋ ਚੁੱਕੇ ਸ਼ੂਟ ਦੇ ਕਈ ਅਹਿਮ ਦ੍ਰਿਸ਼ਾਂ ਦੀ ਸ਼ੂਟਿੰਗ ਪੂਰੀ ਕੀਤੀ ਜਾ ਰਹੀ ਹੈ। ਜਿਸ ਵਿਚ ਫ਼ਿਲਮ ਦੀ ਉਨ੍ਹਾਂ ਸਮੇਤ ਤਕਰੀਬਨ ਸਾਰੀ ਕਾਸਟ ਹਿੱਸਾ ਲੈ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਂ-ਸਾਰਣੀ ਤੋਂ ਬਾਅਦ ਫ਼ਿਲਮ ਦਾ ਅਗਲਾ ਕੁਝ ਹਿੱਸਾ ਮੁੰਬਈ ਦੀਆਂ ਵੱਖ ਵੱਖ ਲੋਕੇਸ਼ਨਾਂ ਅਤੇ ਸਟੂਡਿਊਜ਼ ਵਿਚ ਸ਼ੂਟ ਕੀਤਾ ਜਾਵੇਗਾ। ਜਿਸ ਤੋਂ ਬਾਅਦ ਇਸ ਫ਼ਿਲਮ ਦੇ ਪੋਸਟ ਪ੍ਰੋਡੋਕਸ਼ਨ ਕੰਮ ਵੀ ਸ਼ੁਰੂ ਕਰ ਦਿੱਤੇ ਜਾਣਗੇ।
ਅਦਾਕਾਰ ਬੌਬੀ ਬੇਦੀ ਦਾ ਕਰੀਅਰ: ਪੰਜਾਬ ਦੇ ਮਾਲਵਾ ਅਧੀਨ ਆਉਂਦੇ ਜ਼ਿਲ੍ਹਾ ਫ਼ਿਰੋਜਪੁਰ ਨਾਲ ਤਾਲੁਕ ਰੱਖਦੇ ਹੋਣਹਾਰ ਅਦਾਕਾਰ ਬੌਬੀ ਬੇਦੀ ਦੇ ਹੁਣ ਤੱਕ ਦੇ ਫ਼ਿਲਮ ਕਰਿਅਰ ਵੱਲ ਨਜਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਦੀਆਂ ਹਾਲੀਆਂ ਫ਼ਿਲਮਾਂ ਵਿਚ ਸ਼ਾਹਰੁਖ਼ ਖ਼ਾਨ ਅਤੇ ਅਨੁਸ਼ਕਾ ਸ਼ਰਮਾ ਸਟਾਰਰ ਯਸ਼ਚੋਪੜ੍ਹਾ ਪ੍ਰੋਡੋਕਸ਼ਨ ਦੀ ਸੁਪਰਹਿਟ ਫ਼ਿਲਮ ‘ਰੱਬ ਨੇ ਬਣਾ ਤੀ ਜੋੜੀ’ ਅਤੇ ਰਿਤਿਕ ਰੋਸ਼ਨ ਦੀ ਰਾਕੇਸ਼ ਰੋਸ਼ਨ ਨਿਰਦੇਸ਼ਿਤ ‘ਕੋਈ ਮਿਲ ਗਿਆ’ ਵੀ ਸ਼ਾਮਿਲ ਰਹੀਆਂ ਹਨ। ਜਿੰਨ੍ਹਾਂ ਵਿਚ ਬੋਬੀ ਵੱਲੋਂ ਨਿਭਾਏ ਕਿਰਦਾਰਾਂ ਨੂੰ ਕਾਫ਼ੀ ਚਰਚਾ ਅਤੇ ਤਾਰੀਫ਼ ਮਿਲੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ‘ਦਿਲ ਬੋਲੇ ਹੜਿੱਪਾ’, ‘ਰੋਕੀ ਹੈਂਡਸਮ’, ‘ਸਪੈਸਲ 26’, ‘ਅੰਦਾਜ਼’, ‘ਕ੍ਰਿਸ਼ਨਾ ਕਾਟੇਜ’, ‘ਚੈਨ ਕੁਲੀ ਕੀ ਮੈਨ ਕੁਲੀ’, ‘ਯਾਂਨ’, ‘ਬੈਸਟ ਆਫ਼ ਲੱਕ’, ‘ਦਾ ਗ੍ਰੇਟ ਇੰਡੀਅਨ ਐਸਕੈਪ’ ਆਦਿ ਕਈ ਵੱਡੀਆਂ ਫ਼ਿਲਮਾਂ ਵਿਚ ਪ੍ਰਭਾਵਸ਼ਾਲੀ ਭੂਮਿਕਾਵਾਂ ਨਿਭਾਉਣ ਦਾ ਮਾਣ ਵੀ ਹਾਸਿਲ ਕੀਤਾ ਹੈ।