ਚੰਡੀਗੜ੍ਹ : ਪੰਜਾਬ ਚੋਣ ਕਮਿਸ਼ਨ ਨਾਲ ਸਬੰਧਤ ਉੱਚ ਅਧਿਕਾਰੀਆਂ ਵੱਲੋਂ ਈਵੀਐਮ ਮਸ਼ੀਨਾਂ ਦੀ ਸੁਰੱਖਿਆ ਲਈ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਚੋਣ ਡਿਊਟੀ ਲਈ ਤਾਇਨਾਤ ਕੀਤੇ ਗਏ ਅਧਿਕਾਰੀਆਂ ਨੂੰ ਈਵੀਐਮ ਮਸ਼ੀਨਾਂ ਦੀ ਸੁਰੱਖਿਆ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਸ ਬਾਰੇ ਦੱਸਦੇ ਹੋਏ ਮੁੱਖ ਚੋਣ ਅਧਿਕਾਰੀ ਡਾ.ਐਸ.ਕਰੁਣਾ ਰਾਜੂ ਨੇ ਕਿਹਾ ਕਿ ਈਵੀਐਮ ਮਸ਼ੀਨਾਂ ਨੂੰ ਪੋਲਿੰਗ ਬੂਥਾਂ ਤੱਕ ਲਿਜਾਣ ਅਤੇ ਲਿਆਉਣ ਲਈ ਜੀ.ਪੀ.ਐਸ ਲੱਗੇ ਵਾਹਨਾਂ ਦੀ ਵਰਤੋਂ ਕੀਤੀ ਜਾਵੇਗੀ । ਜੇਕਰ ਬਿਨ੍ਹਾਂ ਜੀਪੀਐਸ ਵਾਹਨ ਤੋਂ ਈਵੀਐਮ ਮਸ਼ੀਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਏ ਜਾਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇਸ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਥਾਵਾਂ ਉੱਤੇ ਈਵੀਐਮ ਮਸ਼ੀਨਾਂ ਰੱਖਿਆਂ ਗਈਆਂ ਹਨ ਅਤੇ ਪੋਲਿੰਗ ਬੂਥਾਂ ਤੋਂ ਗਿਣਤੀ ਸਥਾਨ ਤੱਕ ਲਿਜਾਣ ਲਈ ਮਸ਼ੀਨਾਂ ਉੱਤੇ ਜੀ.ਪੀ.ਐਸ ਸਿਸਟਮ ਰਾਹੀਂ ਪੂਰੀ ਤਰ੍ਹਾਂ ਨਿਗਾਰਨੀ ਰੱਖੀ ਜਾਵੇਗੀ । ਇਸ ਦੌਰਾਨ ਪੋਲਿੰਗ ਬੂਥ ਅਫਸਰਾਂ ਨੂੰ ਵੋਟਿੰਗ ਪ੍ਰਕਿਰਿਆ ਪੂਰੀ ਹੋਣ ਮਗਰੋਂ ਖ਼ੁਦ ਈਵੀਐਮ ਮਸ਼ੀਨਾਂ ਨੂੰ ਜਮ੍ਹਾ ਕਰਵਾਉਣ ਦੀ ਹਿਦਾਇਤ ਦਿੱਤੀ ਗਈ ਹੈ। ਪੋਲਿੰਗ ਸਟਾਫ਼ ਲਈ ਮੁੱਖ ਚੋਣ ਦਫ਼ਤਰ ਵੱਲੋਂ 8 ਹਜ਼ਾਰ ਤੋਂ ਵੀ ਵੱਧ ਵਾਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਈਵੀਐਮ ਮਸ਼ੀਨਾਂ ਦੀ ਸੁਰੱਖਿਆ ਵਿੱਚ ਕੋਤਾਹੀ ਵਰਤਣ ਵਾਲੇ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ।