ਬਠਿੰਡਾ: ਪੰਜਾਬ ਦੀ ਸਭ ਤੋਂ ਤੱਤੀ ਸੀਟ (HOT SEAT) ਮੰਨੀ ਜਾਣ ਵਾਲੀ ਬਠਿੰਡਾ ਸੀਟ ਤੋਂ ਕਾਂਗਰਸ ਨੇ ਰਾਜਾ ਵੜਿੰਗ ਨੂੰ ਉਮੀਦਵਾਰ ਐਲਾਨਿਆ ਹੈ। ਉਮੀਦਵਾਰੀ ਮਿਲਦੇ ਸਾਰ ਹੀ ਰਾਜਾ ਵੜਿੰਗ ਨੇ ਕੇਂਦਰੀ ਹਰਸਿਮਰਤ ਕੌਰ ਬਾਦਲ ਨੂੰ ਲਲਕਾਰਿਆ ਹੈ।
ਬਠਿੰਡਾ ਵਿੱਚ ਪੱਤਰਾਕਾਰਾਂ ਦੇ ਮੁਖ਼ਾਤਬ ਹੁੰਦਿਆਂ ਵੜਿੰਗ ਨੇ ਕਿਹਾ, 'ਅਕਾਲੀ ਦਲ ਲਗਾਤਾਰ ਕਹਿੰਦੀ ਆ ਰਹੀ ਸੀ ਕਿ ਕਾਂਗਰਸ ਨੂੰ ਬਠਿੰਡਾ ਸੀਟ ਲਈ ਕੋਈ ਉਮੀਦਵਾਰ ਨਹੀਂ ਮਿਲ ਰਿਹਾ ਹੈ ਪਰ ਕਾਂਗਰਸ ਨੇ ਮੈਨੂੰ ਜ਼ਿੰਮੇਵਾਰੀ ਦੇ ਕੇ ਪਹਿਲ ਕਦਮੀ ਕਰ ਦਿੱਤੀ ਹੈ। ਮੈਂ ਅਪੀਲ ਕਰਦਾ ਹਾਂ ਕਿ ਹੁਣ ਬਠਿੰਡਾ ਸੀਟ ਤੋਂ ਬੀਬੀ ਬਾਦਲ ਹੀ ਚੋਣ ਮੈਦਾਨ ਵਿੱਚ ਆਉਣ।'
ਵੜਿੰਗ ਨੇ ਕਿਹਾ ਕਿ ਅਕਾਲੀ ਦਲ ਨੇ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਹੈ ਉਸ ਲਈ ਰੱਬ ਉਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰੇਗੀ।
ਜ਼ਿਕਰਯੋਗ ਹੈ ਕਿ ਕਾਂਗਰਸ ਨੇ ਪੰਜਾਬ ਵਿੱਚ ਰਹਿੰਦੇ ਦੋਵੇਂ ਲੋਕ ਸਭਾ ਹਲਕਿਆਂ (ਬਠਿੰਡਾ, ਫ਼ਿਰੋਜ਼ਪੁਰ) ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਿਵੇਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਰਾਜਾ ਵੜਿੰਗ ਬਠਿੰਡਾ ਤੋਂ ਉਮੀਦਵਾਰ ਹਨ ਅਤੇ ਅਕਾਲੀ ਦਲ ਛੱਡ ਕੇ ਕਾਂਗਰਸ ਦਾ ਹੱਥ ਫੜ੍ਹਨ ਵਾਲੇ ਸ਼ੇਰ ਸਿੰਘ ਘੁਬਾਇਆ ਨੂੰ ਫ਼ਿਰੋਜ਼ਪੁਰ ਤੋਂ ਉਮੀਦਵਾਰ ਬਣਾਇਆ ਹੈ।
ਰਾਜਾ ਵੜਿੰਗ ਦਾ ਨਾਂਅ ਪੰਜਾਬ ਦੀ ਹੀ ਨਹੀਂ ਸਗੋਂ ਦੇਸ਼ ਦੀ ਸਿਆਸਤ ਵਿੱਚ ਵੀ ਕਾਫ਼ੀ ਅਹਿਮੀਅਤ ਰੱਖਦਾ ਹੈ ਕਿਉਂਕਿ ਰਾਜਾ ਵੜਿੰਗ ਆਲ ਇੰਡੀਆਂ ਯੂਥ ਕਾਂਗਰਸ ਦੇ ਪ੍ਰਧਾਨ ਦੇ ਰਹਿ ਚੁੱਕੇ ਹਨ ਅਤੇ 2 ਵਾਰ ਗਿੱਦੜਬਾਹਾ ਇਲਾਕੇ ਤੋਂ ਵਿਧਾਇਕ ਹਨ।
ਰਾਜਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਕਾਫ਼ੀ ਨਜ਼ਦੀਕੀ ਮੰਨੇ ਜਾਂਦੇ ਹਨ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਜੇ ਕੇਂਦਰ ਵਿੱਚ ਕਾਂਗਰਸ ਆਉਂਦੀ ਹੈ ਤਾਂ ਵੜਿੰਗ ਕੋਈ ਵੱਡਾ ਅਹੁਦਾ ਹਾਸਲ ਕਰ ਸਕਦੇ ਹਨ।