ਮਾਨਸਾ: ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਿੱਤੇ ਬਿਆਨ ਦੀ ਨਿਖ਼ੇਦੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਉਹ ਕਿਸਾਨਾਂ ਨੂੰ ਛੇਤੀ ਤੋਂ ਛੇਤੀ ਮੁਆਵਜ਼ੇ ਦੀ ਰਾਸ਼ੀ ਜਾਰੀ ਕਰੇ।
ਪਿਛਲੇ ਦਿਨੀਂ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਬਿਆਨ ਦਿੱਤਾ ਸੀ, 'ਅਸੀਂ ਪਿੰਡਾਂ ਵਿੱਚ ਅਜਿਹੇ ਸ਼ਮਸ਼ਾਨ ਘਾਟ ਬਣਾਵਾਗੇ ਕਿ ਬਜ਼ੁਰਗਾਂ ਦਾ ਮਨ ਕਰਗਾ ਕਿ ਚੱਲੋਂ ਮਰ ਜਾਣੇ ਐ' ਰਾਜਾ ਵੜਿੰਗ ਦੇ ਇਸ ਬਿਆਨ 'ਤੇ ਚੁਟਕੀ ਲੈਂਦਿਆ ਬੀਬੀ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਲੀਡਰ ਸੱਤਾ ਵਿੱਚ ਚੂਰ ਹੋ ਕੇ ਅਜਿਹੇ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਵੋਟਾਂ ਦੌਰਾਨ ਇਨ੍ਹਾਂ ਦਾ ਇਹ ਗਰੂਰ ਭੰਗ ਕਰ ਦੇਣਗੇ।
ਬੀਤੇ ਦਿਨ ਤੋਂ ਜੋ ਪੰਜਾਬ ਵਿੱਚ ਮੀਂਹ ਪੈ ਰਿਹਾ ਹੈ ਉਸ ਨਾਲ ਕਿਸਾਨਾਂ ਦੀ ਜੋ ਫ਼ਸਲ ਖ਼ਰਾਬ ਹੋਈ ਹੈ ਉਸ ਲਈ ਬੀਬੀ ਬਾਦਲ ਨੇ ਸੱਤਾਧਾਰੀ ਤੋਂ ਛੇਤੀ ਹੀ ਮੁਆਵਜ਼ੇ ਦੀ ਰਾਸ਼ੀ ਲਾਗੂ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਕੋਈ ਕਿਸਾਨ ਖ਼ੁਦਕੁਸ਼ੀ ਬਾਰੇ ਨਾ ਸੋਚੇ।
ਜਗਮੀਤ ਬਰਾੜ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੇ ਐਲਾਨ ਤੋਂ ਬਾਅਦ ਜਿੱਥੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਛਿੜੀ ਹੋਈ ਹੈ ਉੱਥੇ ਹੀ ਕੇਂਦਰੀ ਮੰਤਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਪਾਰਟੀ ਨਾਲ ਬਲ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾ ਕਿਹਾ ਕਿ ਕਾਂਗਰਸ ਦੇ ਰਾਜ ਤੋਂ ਲੋਕਾਂ ਦੇ ਨਾਲ-ਨਾਲ ਸਿਆਸੀ ਆਗੂ ਵੀ ਦੁਖੀ ਆਏ ਹੋਏ ਹਨ ਇਸ ਲਈ ਸਿਆਸੀ ਆਗੂ ਹੁਣ ਅਕਾਲੀ ਦਲ ਦਾ ਰੁਖ਼ ਕਰ ਰਹੇ ਹਨ।