ਮੋਹਾਲੀ : ਪੰਜਾਬ ਵਿਜੀਲੈਂਸ ਬਿਊਰੋ ਨੇ ਮੋਹਾਲੀ ਵਿਖੇ ਭੂ ਮਾਫਿਆ ਤੇ ਮਾਲ ਵਿਭਾਗ ਦੇ ਅਫਸਰਾਂ ਦੀ ਮਿਲੀਭਗਤ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਰਿਕਾਰਡ ਵਿਭਾਗ ਦੇ 4 ਅਫਸਰਾਂ ਸਣੇ ਕੁੱਲ 11 ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਡੀਜੀਪੀ ਬੀਕੇ ਉਪਲ ਨੇ ਦੱਸਿਆ ਕਿ ਉਨ੍ਹਾਂ ਨੂੰ ਰਿਕਾਰਡ ਵਿਭਾਗ ਵੱਲੋਂ ਜ਼ਿਲ੍ਹੇ ਦੇ ਪਿੰਡਾਂ ਦੀ ਜ਼ਮੀਨੀ ਰਿਕਾਰਾਡਾਂ ਵਿੱਚ ਹੇਰਫੇਰ ਕਰਨ ਸਬੰਧੀ ਸ਼ਿਕਾਇਤ ਮਿਲੀ ਸੀ। ਇਸ ਮਾਮਲੇ ਵਿੱਚ ਵਿਜੀਲੈਂਸ ਵਿਭਾਗ ਨੇ ਮਾਲ ਵਿਭਾਗ ਦੇ 4 ਅਧਿਕਾਰੀਆਂ ਸਣੇ ਭੂ ਮਾਫਿਆ ਦੇ 7 ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ।
ਬੀਕੇ ਉਪਲ ਨੇ ਦੱਸਿਆ ਕਿ ਭੂ ਮਾਫਿਆ ਤੇ ਮਾਲ ਵਿਭਾਗ ਦੇ ਅਫਸਰ ਮਿਲੀਭਗਤ ਕਰਕੇ ਮੋਹਾਲੀ ਦੇ ਕਈ ਪਿੰਡਾਂ ਵਿੱਚ ਜ਼ਮੀਨੀ ਰਿਕਾਰਡਾਂ ਵਿੱਚ ਹੇਰਫੇਰ ਕਰਦੇ ਸਨ। ਇਸ ਦੌਰਾਨ ਮ੍ਰਿਤਕ ਲੋਕਾਂ ਦੀ ਜ਼ਮੀਨ ਤੇ ਕਈ ਲੋਕਾਂ ਦੇ ਪਲਾਟਾਂ ਨੂੰ ਖੇਵਤ ਨੰਬਰ ਤੇ ਝੂਠੇ ਨਾਵਾਂ ਉੱਤੇ ਤਬਦੀਲ ਕਰਕੇ ਮਾਲ ਰਿਕਾਰਡ ਦੀ ਗ਼ਲਤ ਵਰਤੋਂ ਕਰਦੇ ਸੀ ਅਤੇ ਬਾਅਦ ਵਿੱਚ ਇਨ੍ਹਾਂ ਜ਼ਮੀਨਾਂ ਨੂੰ ਉੱਚੀ ਕੀਮਤਾਂ 'ਤੇ ਵੇਚਦੇ ਸਨ।
ਮਾਲ ਵਿਭਾਗ ਤੋਂ ਗ੍ਰਿਫ਼ਤਾਰ ਕੀਤੇ ਗਏ ਅਧਿਕਾਰੀਆਂ ਦੀ ਪਛਾਣ ਪਟਵਾਰੀ ਇਕਬਾਲ ਸਿੰਘ, ਰਵਿੰਦਰ ਸਿੰਘ, ਪਰਮਜੀਤ ਸਿੰਘ ਤੇ ਹੰਸਰਾਜ ਸਿੰਘ ਵਜੋਂ ਹੋਈ ਹੈ। ਇਸ ਤੋਂ ਇਲਾਵਾ 7 ਮੁਲਜ਼ਮ ਭੂ ਮਾਫਿਆ ਨਾਲ ਜੁੜੇ ਲੋਕ ਹਨ। ਇਨ੍ਹਾਂ ਮੁਲਜ਼ਮਾਂ ਉੱਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7 ਦੇ ਤਹਿਤ ਅਤੇ ਆਈਪੀਸੀ ਦੀਆਂ ਕਈ ਧਾਰਾਵਾਂ ਸਣੇ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।