ਬਠਿੰਡਾ: ਜ਼ਿਲ੍ਹੇ ਦੇ ਲਹਿਰਾ ਬੇਗਾ ਟੋਲ ਪਲਾਜ਼ਾ 'ਤੇ ਬੀਤੀ ਰਾਤ ਇੱਕ ਅਣਪਛਾਤੇ ਵਿਅਕਤੀ ਨੇ ਹਮਲਾ ਕੀਤਾ। ਹਮਲੇ 'ਚ 3 ਕਿਸਾਨ ਤੇ ਇੱਕ ਪੁਲਿਸ ਮੁਲਾਜ਼ਮ ਸਣੇ ਕੁੱਲ 4 ਲੋਕ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਜ਼ੇਰੇ ਇਲਾਜ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਇਸ ਘਟਨਾ ਬਾਰੇ ਦੱਸਦੇ ਹੋਏ ਜ਼ਖਮੀ ਏਐਸਆਈ ਲਖਵੀਰ ਸਿੰਘ ਨੇ ਦੱਸਿਆ ਕਿ ਕਿਸਾਨ ਦੇਰ ਰਾਤ 10:30 ਵਜੇ ਕਿਸਾਨ ਲਹਿਰਾ ਬੇਗਾ ਟੋਲ ਪਲਾਜ਼ਾ 'ਤੇ ਧਰਨਾ ਦੇ ਰਹੇ ਸਨ। ਇਸ ਦੌਰਾਨ ਉਥੇ ਲੰਗਰ ਵਾਲੀ ਥਾਂ 'ਤੇ ਇੱਕ ਗੱਡੀ ਆ ਕੇ ਰੁਕ ਗਈ। ਕਿਸਾਨਾਂ ਵੱਲੋਂ ਪੁੱਛੇ ਜਾਣ 'ਤੇ ਉਕਤ ਵਿਅਕਤੀ ਨੇ ਗਾਲੀ-ਗਲੌਚ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੇ ਕਿਸਾਨਾਂ 'ਤੇ ਹਮਲਾ ਕਰ ਦਿੱਤਾ।
ਇਸ ਦੌਰਾਨ ਜਦੋਂ ਪੁਲਿਸ ਮੁਲਾਜ਼ਮ ਉਥੇ ਪੁੱਜੇ ਤਾਂ ਉਸ 'ਤੇ ਵੀ ਹਮਲਾ ਕੀਤਾ। ਇੱਕ ਹੋਰ ਪੀੜਤ ਕਿਸਾਨ ਮੁਤਾਬਕ ਮੁਲਜ਼ਮ ਨੇ ਲੰਗਰ ਦੇ ਚੁੱਲ੍ਹੇ 'ਚ ਬੱਲ ਰਹੀ ਲੱਕੜ ਤੇ ਛੋਟੀ ਕਿਰਪਾਨ ਨਾਲ ਕਿਸਾਨਾਂ 'ਤੇ ਹਮਲਾ ਕੀਤਾ, ਜਿਸ ਦੇ ਚਲਦੇ ਉਹ ਗੰਭੀਰ ਜ਼ਖ਼ਮੀ ਹੋ ਗਏ।
ਇਸ ਬਾਰੇ ਦੱਸਦੇ ਹੋਏ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਏਕਤਾ ਉਗਰਾਹਾਂ ਦੇ ਆਗੂ ਮੋਠੂ ਸਿੰਘ ਨੇ ਉਕਤ ਹਮਲਾਵਰ ਨੂੰ ਕਾਂਗਰਸ ਪਾਰਟੀ ਨਾਲ ਸਬੰਧਤ ਦੱਸਿਆ। ਉਨ੍ਹਾਂ ਕਿਹਾ ਕਿ ਹਮਲਾਵਰ ਦਾ ਨਾਂਅ ਪਰਵਿੰਦਰ ਸਿੰਘ ਉਰਫ ਡੇਂਬੂ ਹੇੈ ਤੇ ਉਹ ਪਿੰਡ ਲਹਿਰਾ ਮੁਹੱਬਤ ਦਾ ਵਸਨੀਕ ਹੈ। ਕਿਸਾਨ ਆਗੂ ਦੇ ਮੁਤਾਬਕ ਕਿਸਾਨ ਜੱਥੇਬੰਦੀਆਂ ਵੱਲੋਂ ਨਗਰ ਕੌਂਸਲ ਚੋਣਾਂ ਦਾ ਪੂਰਨ ਤੌਰ 'ਤੇ ਬਾਈਕਾਟ ਕੀਤਾ ਗਿਆ ਸੀ, ਜਿਸ ਦੇ ਚਲਦੇ ਉਕਤ ਸਖ਼ਸ਼ ਵੱਲੋਂ ਕਿਸਾਨਾਂ 'ਤੇ ਹਮਲਾ ਕੀਤਾ ਗਿਆ ਹੈ।