ਅੰਮ੍ਰਿਤਸਰ : ਪੱਟੀ ਸ਼ਹਿਰ ਵਿੱਚ ਇੱਕ ਵਿਆਹੁਤਾ ਵੱਲੋਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੇ ਪਰਿਵਾਰ ਮੁਤਾਬਕ ਉਸ ਨੇ ਸੁਹਰੇ ਪਰਿਵਾਰ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ। ਫਿਲਹਾਲ ਪੀੜਤਾ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜੇਰੇ ਇਲਾਜ ਦਾਖਲ ਹੈ।
ਪੀੜਤਾ ਦੀ ਪਛਾਣ ਜਸਵਿੰਦਰ ਕੌਰ ਵਜੋਂ ਹੋਈ ਹੈ। ਪੀੜਤਾ ਦੀ ਭੈਣ ਮਨਦੀਪ ਕੌਰ ਤੇ ਉਸ ਦੇ ਜੀਜੇ ਨੇ ਦੱਸਿਆ ਕਿ ਫਰਵਰੀ ਮਹੀਨੇ 'ਚ ਉਨ੍ਹਾਂ ਨੇ ਕੁੜੀ ਦਾ ਵਿਆਹ ਪੱਟੀ ਸ਼ਹਿਰ ਦੇ ਵਸਨੀਕ ਅਮਿਤ ਸ਼ਰਮਾ ਨਾਲ ਕੀਤਾ ਸੀ। ਵਿਆਹ ਦੇ 5 ਮਹੀਨੇ ਬਾਅਦ , ਸਹੁਰਾ ਪਰਿਵਾਰ ਜਸਵਿੰਦਰ ਨਾਲ ਕੁੱਟਮਾਰ ਕਰਨ ਲੱਗ ਪਿਆ। ਗਰਭਵਤੀ ਹੋਣ ਦੇ ਬਾਵਜੂਦ ਸਹੁਰਾ ਪਰਿਵਾਰ ਵੱਲੋਂ ਉਸ ਨਾਲ ਕੁੱਟਮਾਰ ਤੇ ਉਸ ਨਾਲ ਤਸ਼ੱਦਦ ਕੀਤੀ ਜਾਂਦੀ ਸੀ। ਪੀੜਤਾ ਨੂੰ ਉਸ ਦੇ ਸਹੁਰੇ ਪਰਿਵਾਰ ਵਾਲੇ ਦਾਜ ਲਈ ਤੰਗ ਪਰੇਸ਼ਾਨ ਕਰਦੇ ਸਨ। ਇਸ ਦੌਰਾਨ ਉਸ ਦਾ ਗਰਭਪਾਤ ਹੋ ਗਿਆ ਤੇ ਸਹੁਰਾ ਪਰਿਵਾਰ ਵਾਲੇ ਉਸ ਨੂੰ ਉਸ ਦੀ ਭੈਣ ਦੇ ਘਰ ਛੱਡ ਗਏ ਸਨ। ਬਾਅਦ ਵਿੱਚ ਜਦੋਂ ਉਹ ਆਪਣੇ ਸਹੁਰੇ ਪਰਿਵਾਰ ਵਾਪਸ ਗਈ ਤਾਂ ਉਨ੍ਹਾਂ ਨੇ ਉਸ ਨੂੰ ਘਰ ਵਿੱਚ ਦਾਖਲ ਨਹੀਂ ਹੋਣ ਦਿੱਤਾ। ਜਿਸ ਦੇ ਚਲਦੇ ਤੰਗ ਹੋ ਕੇ ਉਸ ਨੇ ਜ਼ਹਿਰੀਲੀ ਦਵਾਈ ਖਾ ਲਈ। ਇਸ ਦੌਰਾਨ ਪੀੜਤਾ ਦੇ ਸਹੁਰੇ ਪਰਿਵਾਰ ਦੇ ਮੈਂਬਰ ਉਸ ਨੂੰ ਹਸਪਤਾਲ ਪਹੁੰਚਾਣ ਦੀ ਬਜਾਏ ਉਸ ਨੂੰ ਪਾਗਲ ਸਾਬਿਤ ਕਰਨ ਲਈ ਵੀਡੀਓ ਬਣਾਉਂਦੇ ਰਹੇ।
ਇਸ ਦੇ ਚਲਦੇ ਪੀੜਤਾ ਦੀ ਹਾਲਤ ਵਿਗੜ ਗਈ ਤੇ ਉਸ ਨੂੰ ਪੱਟੀ ਵਿਖੇ ਸਰਕਾਰ ਹਸਪਤਾਲ ਤੇ ਉਥੋਂ ਸਿਵਲ ਹਸਪਤਾਲ ਤਰਨ ਤਾਰਨ ਲਿਜਾਇਆ ਗਿਆ। ਉਸ ਦੀ ਹਾਲਤ ਹੋਰ ਵਿਗੜ੍ਹ ਜਾਣ 'ਤੇ ਪੀੜਤਾ ਨੂੰ ਇਲਾਜ ਦੇ ਲਈ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਇਥੇ ਪੀੜਤਾ ਦੀ ਹਾਲਤ ਗੰਭੀਰ ਹੈ ਤੇ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕਰਦਿਆਂ ਮੁਲਜ਼ਮਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਪੁਲਿਸ ਜਾਂਚ ਅਧਿਕਾਰੀ ਏਐਸਆਈ ਕੁਲਬੀਰ ਸਿੰਘ ਨੇ ਦਸਿਆ ਕਿ ਉਹ ਸ਼ਿਕਾਇਤ ਮਿਲਦੇ ਹੀ ਮੌਕੇ 'ਤੇ ਪਹੁੰਚ ਗਏ ਸਨ। ਇਸ ਸਬੰਧੀ ਉਨ੍ਹਾਂ ਨੂੰ ਹਸਪਤਾਲ ਵੱਲੋਂ ਸੂਚਨਾ ਮਿਲੀ ਸੀ। ਪੀੜਤਾ ਦੀ ਹਾਲਤ ਸਹੀ ਨਾਂ ਹੋਣ ਦੇ ਚਲਦੇ ਉਹ ਉਸ ਦਾ ਬਿਆਨ ਦਰਜ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਜਿਵੇਂ ਹੀ ਪੀੜਤਾ ਦੀ ਹਾਲਤ 'ਚ ਸੁਧਾਰ ਹੋਵੇਗਾ, ਉਹ ਪੀੜਤਾ ਦਾ ਬਿਆਨ ਦਰਜ ਕਰ ਉਸ ਮੁਤਾਬਕ ਮੁਲਜ਼ਮਾਂ ਖਿਲਾਫ ਕਾਰਵਾਈ ਕਰਨਗੇ। ਇਸ ਸਬੰਧੀ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਇਹ ਮਾਮਲਾ ਲਿਆਂਦਾ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਅਣਪਛਾਤਿਆ ਨੇ ਰਾਮਲੀਲਾ ਦੇ ਕਲਾਕਾਰਾਂ ਅਤੇ ਲੋਕਾਂ ’ਤੇ ਕੀਤਾ ਹਮਲਾ, ਸੀਸੀਟੀਵੀ ’ਚ ਕੈਦ ਤਸਵੀਰਾਂ