ਲੁਧਿਆਣਾ: ਮਾਛੀਵਾੜਾ ਸਾਹਿਬ ਨੇੜਲੇ ਪਿੰਡ ਤੱਖਰਾਂ-ਖੋਖਰਾਂ ਵਿਖੇ ਇੱਕ 14 ਸਾਲਾ ਨਾਬਾਲਗ ਕੁੜੀ ਵੱਲੋਂ ਫਾਹਾ ਲਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਅੱਠਵੀਂ ਜਮਾਤ ਦੀ ਵਿਦਿਆਰਥਣ ਹੈ। ਪੁਲਿਸ ਵੱਲੋਂ ਖ਼ੁਦਕੁਸ਼਼ੀ ਮਾਮਲੇ ਦੀ ਜਾਂਚ ਜਾਰੀ ਹੈ।
ਮ੍ਰਿਤਕਾ ਦੀ ਪਛਾਣ 14 ਸਾਲਾ ਵਰਸ਼ਾ ਵਜੋਂ ਹੋਈ ਹੈ। ਮ੍ਰਿਤਕਾ ਅੱਠਵੀਂ ਕਲਾਸ ਦੀ ਵਿਦਿਆਰਥਣ ਹੈ। ਮ੍ਰਿਤਕ ਦੇ ਪਿਤਾ ਤੇ ਦਾਦਾ ਦੇ ਮੁਤਾਬਕ ਉਹ ਸਾਰੇ ਮਜ਼ਦੂਰੀ ਕਰਦੇ ਹਨ ਤੇ ਰੋਜ਼ਾਨਾ ਵਾਂਗ ਹੀ ਉਹ ਕੰਮ ਉੱਤੇ ਚੱਲੇ ਗਏ। ਪਿੱਛੋਂ ਕੁੜੀ ਘਰ ਵਿੱਚ ਇੱਕਲੀ ਸੀ ਤੇ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਹ ਘਰ ਪੁੱਜੇ ਤਾਂ ਉਨ੍ਹਾਂ ਨੂੰ ਧੀ ਦੀ ਲਾਸ਼ ਪੱਖੇ ਨਾਲ ਲਟਕਦੀ ਹੋਈ ਮਿਲੀ।
ਉਨ੍ਹਾਂ ਕਿਹਾ ਕਿ ਉਹ ਨਹੀਂ ਜਾਣਦੇ ਕਿ ਵਰਸ਼ਾ ਨੇ ਅਜਿਹਾ ਕਦਮ ਕਿਉਂ ਚੁੱਕਿਆ। ਉਹ ਬੀਤੇ ਦਿਨਾਂ ਤੋਂ ਤਿੰਨ-ਚਾਰ ਦਿਨਾਂ ਤੋਂ ਸਕੂਲ ਨਹੀਂ ਜਾ ਰਹੀ ਸੀ ਤੇ ਪਿਤਾ ਵੱਲੋਂ ਪੁੱਛੇ ਜਾਣ 'ਤੇ ਵਰਸ਼ਾ ਨੇ ਕਿਹਾ ਸੀ ਕਿ ਉਹ 15 ਮਾਰਚ ਤੋਂ ਉਸ ਦੇ ਪੇਪਰ ਹਨ। ਇਸ ਲਈ ਉਹ ਘਰ ਰਹਿ ਕੇ ਹੀ ਪੇਪਰਾਂ ਦੀ ਤਿਆਰੀ ਕਰਨਾ ਚਾਹੁੰਦੀ ਹੈ। ਧੀ ਵੱਲੋਂ ਖ਼ੁਦਕੁਸ਼ੀ ਕਰਨ ਨਾਲ ਪੂਰਾ ਪਰਿਵਾਰ ਸਦਮੇ 'ਚ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਘਰ ’ਚੋਂ ਮ੍ਰਿਤਕਾ ਵੱਲੋਂ ਲਿਖਿਆ ਕੋਈ ਸੁਸਾਈਡ ਨੋਟ ਨਹੀਂ ਬਰਾਮਦ ਹੋਇਆ। ਇਸ ਕਾਰਨ ਅਜੇ ਤੱਕ ਮ੍ਰਿਤਕਾ ਵੱਲੋਂ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾ ਮੁਤਾਬਕ ਮਾਮਲੇ 'ਚ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਕਿ ਨਬਾਲਗ ਕੁੜੀ ਨੇ ਖ਼ੁਦਕੁਸ਼ੀ ਕਿਉਂ ਕੀਤੀ।