ਤਰਨਤਾਰਨ: ਕਸਬਾ ਭਿੱਖੀਵਿੰਡ ਵਿਚ ਉਸ ਵੇਲੇ ਭਾਰੀ ਦਹਿਸ਼ਤ ਫੈਲ ਗਈ ਜਦ ਪੱਟੀ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿੱਚ ਚੱਲ ਰਹੇ ਕ੍ਰਿਕਟ ਟੂਰਨਾਮੈਂਟ ਦੌਰਾਨ ਇਕ ਲੜਕੇ ਨੂੰ ਉਸਦੇ ਕੁਝ ਜਾਨਣ ਵਾਲੇ ਵਿਅਕਤੀਆਂ ਨੇ ਰੰਜਿਸ਼ ਨੂੰ ਲੈ ਕੇ ਫਾਇਰ ਕਰਕੇ ਅਗਵਾ ਕਰ ਲਿਆ ਗਿਆ। ਜਿਸ ਤੋਂ ਬਾਅਦ ਉਕਤ ਬਦਮਾਸ਼ ਉਸ ਨੌਜਵਾਨ ਨੂੰ ਪੱਟੀ ਰੋਡ ਸਥਿਤ ਪਾਮ ਗਾਰਡਨ ਦੇ ਨਜ਼ਦੀਕ ਸਿਰ 'ਚ ਭਾਰੀ ਸੱਟਾਂ ਮਾਰ ਕੇ ਗੱਡੀ ਤੋਂ ਸੁੱਟ ਗਏ।
ਜ਼ਖ਼ਮੀ ਹਾਲਤ 'ਚ ਪੁਲਿਸ ਥਾਣਾ ਭਿੱਖੀਵਿੰਡ ਪਹੁੰਚੇ ਵਰੁਣ ਕੁਮਾਰ ਨੇ ਦੱਸਿਆ ਕਿ ਉਸਦੇ ਕੁਝ ਚਾਰ ਪੰਜ ਦੋਸਤਾਂ ਅਤੇ ਅਣਪਛਾਤੇ ਵਿਅਕਤੀਆਂ ਨੇ ਉਸਨੂੰ ਚੱਲਦੇ ਕ੍ਰਿਕਟ ਮੈਚ ਦੌਰਾਨ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਦਕਿ ਉਸ ਨਾਲ ਹੋਰ ਪੱਚੀ ਤੀਹ ਵਿਅਕਤੀ ਮੈਚ ਦੇਖ ਰਹੇ ਸਨ। ਨੌਜਵਾਨ ਦਾ ਕਹਿਣਾ ਕਿ ਉਸ ਨੂੰ ਗੱਡੀ 'ਚ ਬੈਠਣ ਲਈ ਕਹਿਣ ਲੱਗੇ ਤੇ ਜਦੋਂ ਉਹ ਨਾ ਬੈਠਿਆ ਤਾਂ ਉਨ੍ਹਾਂ ਵਲੋਂ ਹਵਾਈ ਫਾਇਰ ਕਰਦਿਆਂ ਉਸ ਨੂੰ ਗੱਡੀ 'ਚ ਜ਼ਬਰਦਸਤੀ ਬਿਠਾ ਲਿਆ। ਉਕਤ ਨੌਜਵਾਨ ਨੇ ਦੱਸਿਆ ਕਿ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਜ਼ਖ਼ਮੀ ਕਰਕੇ ਪਾਮ ਗਾਰਡਨ ਨਜ਼ਦੀਕ ਸੁੱਟ ਕੇ ਚੱਲੇ ਗਏ।
ਪੀੜ੍ਹਤ ਵਰੁਣ ਨੇ ਦੱਸਿਆ ਕਿ ਪਿਛਲੇ ਦਿਨੀਂ ਕਿਸੇ ਹੋਟਲ 'ਚ ਇਨਾਂ ਵਲੋਂ ਕਿਸੇ ਨਾਲ ਲੜਾਈ ਕੀਤੀ ਸੀ, ਜਿਸ 'ਚ ਉਸ ਨੇ ਇਨ੍ਹਾਂ ਦਾ ਸਾਥ ਨਹੀਂ ਦਿੱਤਾ, ਜਿਸ ਦੇ ਚੱਲਦਿਆਂ ਉਕਤ ਬਦਮਾਸ਼ਾਂ ਵਲੋਂ ਉਸਦੀ ਕੁੱਟਮਾਰ ਕੀਤੀ ਗਈ ਹੈ।
ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਨੂੰ ਕੁੱਟਮਾਰ ਸਬੰਧੀ ਸ਼ਿਕਾਇਤ ਮਿਲੀ ਸੀ, ਜਿਸ 'ਤੇ ਉਨ੍ਹਾਂ ਵਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਜਿਸ 'ਚ ਉਨ੍ਹਾਂ ਵਲੋਂ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇਗੀ।