ਤਰਨ ਤਾਰਨ: 14 ਫਰਵਰੀ ਨੂੰ ਹੋਏ ਸੀਆਰਪੀਐਫ ਦੇ ਹਮਲੇ ਨੇ ਕਈ ਪਰਿਵਾਰ ਉਜਾੜ ਦਿੱਤੇ। ਇਹ ਅਜਿਹੀ ਘਟਨਾ ਸੀ ਜਿਸ ਨੇ ਭਾਰਤ ਵਾਸੀਆਂ ਦੇ ਦਿਲ ਦਹਿਲਾ ਦਿੱਤੇ ਸੀ ਤੇ 39 ਜਵਾਨ ਸ਼ਹੀਦੀ ਦਾ ਜਾਮ ਪੀ ਗਏ ਸੀ। ਸਰਕਾਰ ਨੇ ਇਨ੍ਹਾਂ ਸ਼ਹੀਦਾਂ ਦੇ ਪਰਿਵਾਰ ਲਈ ਕਈ ਸਹੂਲਤਾਂ ਐਲਾਨੀਆਂ ਸੀ। ਕੀ ਸ਼ਹੀਦਾਂ ਦੇ ਪਰਿਵਾਰ ਨੂੰ ਇਹ ਸਹੂਲਤਾਂ ਮਿਲਿਆਂ ਜਾਂ ਨਹੀਂ ਜਾਣੋ ਇਸ ਖ਼ਾਸ ਰਿਪੋਰਟ 'ਚ.........
ਸਰਕਾਰ ਦੇ ਦਾਅਵੇ ਬਣੇ ਜੁਮਲੇ
ਸਥਾਨਕ ਪਿੰਡ ਗੰਡੀਵਿੰਡ ਦਾ ਸ਼ਹੀਦ ਸੁਖਜਿੰਦਰ ਸਿੰਘ ਪੁਲਵਾਮਾ ਹਮਲੇ 'ਚ ਸ਼ਹੀਦ ਹੋਇਆ ਸੀ ਤੇ ਇਸ ਨੂੰ ਦੋ ਸਾਲ ਹੋ ਗਏ ਹਨ।ਸਰਕਾਰ ਨੇ ਉਸ ਸਮੇਂ ਕਈ ਸਹੂਲਤਾਂ ਐਲਾਨਿਆਂ ਸੀ ਪਰ ਉਹ ਸਿਰਫ਼ ਜੁਮਲੇ ਮਾਤਰ ਹੈ। ਸਰਕਾਰ ਨੇ ਦਾਅਵਾ ਕੀਤਾ ਸੀ ਉਨ੍ਹਾਂ ਨੂੰ 12 ਲੱਖ ਦੀ ਮਾਲੀ ਮਦਦ ਤੇ ਨਾਲ ਮ੍ਰਿਤਕ ਸ਼ਹੀਦ ਦੀ ਪਤਨੀ ਨੂੰ ਇੱਕ ਸਰਕਾਰੀ ਨੌਕਰੀ ਮਿਲੇਗੀ ਪਰ ਸਰਕਾਰ ਨੇ ਸ਼ਹੀਦ ਦੀ ਪਤਨੀ ਨੂੰ ਇੱਕ ਸਨਮਾਨਿਤ ਨੌਕਰੀ ਦੇਣ ਦੀ ਥਾਂ ਇੱਕ ਚਪੜਾਸੀ ਦੀ ਨੌਕਰੀ ਦਿੱਤੀ ਸੀ ਜਿਸ ਤੋਂ ਪਰਿਵਾਰ ਨੇ ਇਨਕਾਰ ਕਰ ਦਿੱਤਾ ਸੀ। ਇਸ ਹਮਲੇ ਨੂੰ 2 ਸਾਲ ਹੋ ਗਏ ਤੇ ਸਰਕਾਰ ਦੇ ਜੁਮਲਿਆਂ ਨੂੰ ਵੀ 2 ਸਾਲ ਹੋ ਗਏ। ਵੱਡੇ ਵੱਡੇ ਦਾਅਵਿਆਂ ਦੇ 'ਚ ਦੇਸ਼ 'ਤੇ ਜਾਨ ਵਾਰਨ ਵਾਲਿਆਂ ਨੂੰ ਸਰਕਾਰ ਨੇ ਜੁਮਲਿਆਂ ਤੋਂ ਇਲਾਵਾ ਕੁੱਝ ਨਹੀਂ ਦਿੱਤਾ ਹੈ।
ਸਟੇਡਿਅਮ ਦਾ ਕੰਮ ਵੀ ਨਹੀਂ ਚੜ੍ਹਿਆ ਨੇਪਰੇ
ਸਰਕਾਰ ਨੇ ਸ਼ਹੀਦ ਸੁਖਜਿੰਦਰ ਸਿੰਘ ਦੇ ਨਾਂਅ 'ਤੇ ਸਟੇਡਿਆਮ ਬਣਾਉਣ ਦੀ ਗੱਲ ਆਖੀ ਸੀ ਤੇ ਸਾਬਕਾ ਸਰਕਾਰ ਨੇ ਇਸ ਲਈ 20 ਲੱਖ ਵੀ ਦਿੱਤੇ ਸੀ ਪਰ ਅਜੇ ਤੱਕ ਉਸ ਦਾ ਕੰਮ ਸਿਰੇ ਨਹੀਂ ਚੜ੍ਹਿਆ। ਉਨ੍ਹਾਂ ਨੇ ਕਿਹਾ ਕਿ ਸਟੇਡਿਅਮ ਦੇ ਮਿਲੇ ਪੈਸੇ ਵੀ ਪੂਰੇ ਨਹੀਂ ਲਗਾਏ। ਉਨ੍ਹਾਂ ਨੇ ਮੰਗ ਕੀਤੀ ਹੈ ਉਸ ਦੇ ਕੰਮ ਨੂੰ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਵੇ।
ਪਰਿਵਾਰ ਨੂੰ ਮਾਨ ਹੈ ਕਿ ਉਨ੍ਹਾਂ ਦਾ ਘਰ ਦਾ ਮੈਂਬਰ ਦੇਸ਼ ਲਈ ਸ਼ਹੀਦ ਹੋਇਆ ਹੈ ਪਰ ਉਸ ਮਾਨ 'ਤੇ ਗਰੀਬੀ ਦੀ ਚਾਦਰ ਹੈ। ਜਿਸ ਗਰੀਬੀ ਦੀ ਚਾਦਰ ਨੂੰ ਹਟਾਉਣ ਲਈ ਸਰਕਾਰ ਨੇ ਹੱਥ ਤਾਂ ਅੱਗੇ ਕੀਤਾ ਪਰ ਉਸ ਨੂੰ ਕਦੀਂ ਫੜਨ ਨਹੀਂ ਦਿੱਤਾ, ਇੱਕ ਜੁਮਲੇ ਵਾਂਗ ਗੱਲ ਕੀਤੀ। ਅਜੇ ਵੀ ਉਨ੍ਹਾਂ ਦੀ ਅੱਖਾਂ ਨੂੰ ਸਰਕਾਰ ਦੀ ਮਦਦ ਦੀ ਆਸ ਹੈ।