ਤਰਨਤਾਰਨ: ਜ਼ਿਲ੍ਹੇ ਦੇ ਥਾਣਾ ਭਿੱਖੀਵਿੰਡ ਵਿਖੇ ਸਤਿਕਾਰ ਕਮੇਟੀ ਦੇ ਸਿੱਖ ਆਗੂਆਂ ਵੱਲੋਂ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਸੇਵਾਦਾਰ ਸਮੇਤ ਗ੍ਰੰਥੀ ਸਿੰਘ 'ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਦੱਸ ਦਈਏ ਕਿ ਚੇਲਾ ਕਾਲੋਨੀ ਦੇ ਇੱਕ ਘਰ ਵਿੱਚ ਹੋਈ ਮਰਗ ਨੂੰ ਲੈ ਕੇ ਸਥਿਤ ਗੁਰਦੁਆਰਾ ਅਮਰ ਸ਼ਹੀਦ ਧੰਨ ਧੰਨ ਬਾਬਾ ਸੁੱਖਾ ਸਿੰਘ ਜੀ ਚੇਲਾ ਕਲੋਨੀ ਦੇ ਸੇਵਾਦਾਰ 'ਤੇ ਗ੍ਰੰਥੀ ਸਿੰਘ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਕਰਵਾਏ ਗਏ ਸੀ। ਉਕਤ ਘਰ ਅੰਦਰ ਬਣੀ ਦੁਕਾਨ ਵਿੱਚ ਸ਼ਰਾਬ ਦਾ ਠੇਕਾ ਵੀ ਸੀ ਜਿਸ ਦੇ ਚੱਲਦੇ ਵੀ ਪਾਠ ਆਰੰਭ ਕਰਵਾਏ ਗਏ ਜਿਸ ਤੋਂ ਬਾਅਦ ਸਤਿਕਾਰ ਕਮੇਟੀ ਵੱਲੋਂ ਰੋਸ ਜਾਹਿਰ ਕੀਤਾ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਇਸ ਮਾਮਲੇ ਸਬੰਧੀ ਸਖਤ ਕਾਰਵਾਈ ਕਰਦਿਆਂ ਮਾਮਲੇ ਸਬੰਧੀ ਸਤਿਕਾਰ ਕਮੇਟੀ ਪੰਜਾਬ ਪ੍ਰਧਾਨ ਰਣਜੀਤ ਸਿੰਘ ਉਧੋਕੇ ਅਤੇ ਸਿੱਖ ਜਥੇਬੰਦੀਆਂ ਵੱਲੋਂ ਥਾਣਾ ਭਿੱਖੀਵਿੰਡ ਵਿਖੇ ਦਰਖਾਸਤ ਦੇ ਕੇ ਗ੍ਰੰਥੀ ਸਿੰਘ 'ਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ 'ਤੇ ਧਾਰਾ 295 ਏ ਤਹਿਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸਬੰਧੀ ਸਤਿਕਾਰ ਕਮੇਟੀ ਦੇ ਪੰਜਾਬ ਪ੍ਰਧਾਨ ਰਣਜੀਤ ਸਿੰਘ ਉਧੋਕੇ ਨੇ ਕਿਹਾ ਕਿ ਉਹ ਭਿੱਖੀਵਿੰਡ ਨੂੰ ਜਾ ਰਹੇ ਸੀ, ਕਿ ਚੇਲਾ ਕਾਲੋਨੀ ਦੇ ਇੱਕ ਘਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਉਣ ਲਈ ਗ੍ਰੰਥੀ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਲੈ ਕੇ ਆ ਰਹੇ ਸੀ। ਜਦ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਜ਼ਦੀਕ ਆਉਣ 'ਤੇ ਫਤਿਹ ਬੁਲਾਈ ਤਾਂ ਉਨ੍ਹਾਂ ਦੇਖਿਆ ਕਿ ਜਿਸ ਘਰ ਵਿੱਚ ਪਾਠ ਅਰੰਭ ਕਰਵਾਏ ਜਾਣੇ ਹਨ, ਉਸ ਘਰ ਵਿੱਚ ਸ਼ਰਾਬ ਦਾ ਠੇਕਾ ਹੈ। ਤਾਂ ਜਦੋਂ ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਉਸ ਘਰ ਵਿੱਚ ਚਿਰਾਗ ਵੀ ਜਗ ਰਹੇ ਸੀ। ਉਨ੍ਹਾਂ ਅੱਗੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਮੜ੍ਹੀਆਂ,ਮਸਾਣਾਂ, ਕਬਰਾਂ ਅਤੇ ਦੀਵਿਆਂ ਵਾਲੇ ਘਰਾਂ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ।
ਜਿਸ ਸਬੰਧੀ ਉਨ੍ਹਾਂ ਨੇ ਥਾਣਾ ਭਿੱਖੀਵਿੰਡ ਵਿਖੇ ਲਿਖਤੀ ਰੂਪ ਵਿਚ ਦਰਖਾਸਤ ਦੇ ਕੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਹਰਭਜਨ ਸਿੰਘ ਅਤੇ ਗ੍ਰੰਥੀ ਸਿੰਘ ਦਿਲਬਾਗ ਸਿੰਘ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਨ 'ਤੇ ਧਾਰਾ 295 ਏ ਤਹਿਤ ਕਾਰਵਾਈ ਦੀ ਮੰਗ ਕੀਤੀ ਹੈ ।
ਉਥੇ ਹੀ ਜਦ ਇਸ ਮਾਮਲੇ ਸਬੰਧੀ ਥਾਣਾ ਭਿੱਖੀਵਿੰਡ ਦੇ ਐੱਸਐੱਚਓ ਸਬ ਇੰਸਪੈਕਟਰ ਚਰਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਇਸ ਮਾਮਲੇ ਸਬੰਧੀ ਸਤਿਕਾਰ ਕਮੇਟੀਆਂ ਵੱਲੋਂ ਉਨ੍ਹਾਂ ਨੂੰ ਦਰਖਾਸਤ ਦਿੱਤੀ ਗਈ ਹੈ। ਜਿਸ ਸਬੰਧੀ ਉਨ੍ਹਾਂ ਵੱਲੋਂ ਜਾਂਚ ਕਰਕੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸਮੇਤ ਗ੍ਰੰਥੀ ਸਿੰਘ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: ਕਰੋੜਾਂ ਰੁਪਏ ਖਰਚ ਕਰਕੇ ਸ੍ਰੀ ਖੁਰਾਲਗੜ੍ਹ ਸਾਹਿਬ ਬਣਾਏ ਕਮਿਊਨਟੀ ਹਾਲ ਦੀ ਹਾਲਤ ਬਣੀ ਤਰਸਯੋਗ