ਤਰਨ ਤਾਰਨ : ਪਿੰਡ ਗਿੱਲ ਵੜੈਚ ਵਿਖੇ ਕਾਰਡ ਧਾਰਕਾਂ ਨੂੰ ਕਣਕ ਨਾ ਮਿਲਣ 'ਤੇ ਲੋੜਵੰਦ ਲੋਕਾਂ 'ਚ ਭਾਰੀ ਰੋਸ ਹੈ। ਲੋੜਵੰਦ ਲੋਕਾਂ ਨੇ ਕਿਹਾ ਕਿ ਉਨ੍ਹਾਂ ਇਸ ਵਾਰ ਕਣਕ ਦਾ ਇੱਕ ਦਾਣਾ ਵੀ ਨਹੀਂ ਮਿਲਿਆ। ਜਦੋਂ ਕਿ ਕੋਰੋਨਾ ਕਾਲ 'ਚ ਕੰਮ ਕਾਜ ਠੱਪ ਪੈ ਗਏ ਹਨ ਤੇ ਮੌਜੂਦਾ ਸਮੇਂ 'ਚ ਉਨ੍ਹਾਂ ਨੂੰ ਅਨਾਜ ਦੀ ਵੱਧ ਲੋੜ ਹੈ।
ਲੋੜਵੰਦ ਲੋਕਾਂ ਨੇ ਫੂਡ ਸਪਲਾਈ ਮਹਿਕਮੇ ਤੇ ਪੰਜਾਬ ਸਰਕਾਰ ਖਿਲਾਫ ਆਪਣਾ ਰੋਸ ਪ੍ਰਗਟਾਇਆ ਹੈ। ਲੋੜਵੰਦ ਲੋਕਾਂ ਤੇ ਮਹਿਲਾਵਾਂ ਨੇ ਦੱਸਿਆ ਕਿ ਕੋਰੋਨਾ ਕਾਲ 'ਚ ਸੂਬਾ ਸਰਕਾਰ ਵੱਲੋਂ ਉਨ੍ਹਾਂ ਦੇ ਨੀਲੇ ਕਾਰਡ ਕੱਟ ਦਿੱਤੇ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਮੁੜ ਫਾਰਮ ਭਰ ਕੇ ਸਰਪੰਚ ਨੂੰ ਦਿੱਤੇ ਤਾਂ ਜੋ ਉਹ ਸੂਬਾ ਸਰਕਾਰ ਵੱਲੋਂ ਭੇਜੀ ਗਈ ਕਣਕ ਪ੍ਰਾਪਤ ਕਰ ਸਕਣ। ਡਿਪੂ ਹੋਲਡਰਾਂ ਨੇ ਜਦ ਇਸ ਸਬੰਧੀ ਲਿਸਟ ਜਾਰੀ ਕੀਤੀ ਤਾਂ ਕੁੱਝ ਲੋਕਾਂ ਦੇ ਨਾਂਅ ਲਿਸਟ 'ਚ ਨਾਂ ਹੋਣ ਦੇ ਕਾਰਨ ਹੰਗਾਮਾ ਹੋ ਗਿਆ। ਲੋਕਾਂ ਨੇ ਡਿਪੂ ਹੋਲਡਰਾਂ, ਫੂਡ ਸਪਲਾਈ ਮਹਿਕਮੇ ਉੱਤੇ ਲੋੜਵੰਦਾਂ ਨੂੰ ਕਣਕ ਨਾ ਦੇ ਕੇ ਹੋਰਨਾਂ ਲੋਕਾਂ ਨੂੰ ਕਣਕ ਦਿੱਤੇ ਜਾਣ ਦੇ ਦੋਸ਼ ਲਾਏ ਹਨ। ਲੋਕਾਂ ਨੇ ਕਿਹਾ ਕਿ ਡਿਪੂ ਹੋਲਡਰ ਤੇ ਪਿੰਡ ਦਾ ਸਰਪੰਚ ਮਹਿਕਮੇ ਨਾਲ ਮਿਲੀਭੁਗਤ ਕਰਕੇ ਉਨ੍ਹਾਂ ਦੇ ਕਾਰਡ ਰੱਦ ਕਰਵਾ ਰਹੇ ਹਨ। ਲੋਕਾਂ ਨੇ ਕਿਹਾ ਕਿ ਕੋਰੋਨਾ ਕਾਲ 'ਚ ਉਨ੍ਹਾਂ ਦੇ ਕੰਮ ਕਾਜ ਠੱਪ ਪੈ ਚੁੱਕੇ ਹਨ, ਜਿਸ ਦੇ ਚਲਦੇ ਉਨ੍ਹਾਂ ਲਈ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਤੇ ਸਰਕਾਰ ਕੋਲੋਂ ਜਲਦ ਤੋਂ ਜਲਦ ਨੀਲੇ ਕਾਰਡ ਮੁੜ ਬਹਾਲ ਕਰਕੇ ਕਣਕ ਭੇਜੇ ਜਾਣ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਜਦ ਪਿੰਡ ਦੇ ਡਿਪੂ ਹੋਲਡਰ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਪਹਿਲਾਂ ਸਾਡੇ ਕੋਲ ਵੱਧ ਕਣਕ ਆਉਂਦੀ ਸੀ। ਇਸ ਵਾਰ ਮਹਿਕਮੇ ਤੋਂ ਕੰਮਪਿਊਟਰ ਲਿਸਟ ਮੁਤਾਬਕ ਕਣਕ ਆਈ ਹੈ। ਡਿਪੂ ਹੋਲਡਰ ਨੇ ਆਖਿਆ ਕਿ ਉਹ ਕਾਨੂੰਨੀ ਪ੍ਰਕੀਰਿਆ ਦੇ ਮੁਤਾਬਕ ਹੀ ਕਣਕ ਵੰਡ ਰਹੇ ਹਨ। ਜਿਨ੍ਹਾਂ ਲੋਕਾਂ ਦੇ ਨਾਂਅ ਲਿਸਟ 'ਚ ਦਰਜ ਹਨ, ਉਨ੍ਹਾਂ ਨੂੰ ਹੀ ਕਣਕ ਦਿੱਤੀ ਜਾ ਰਹੀ ਹੈ। ਇਸ 'ਚ ਕਿਸੇ ਦਾ ਕੋਈ ਰੋਲ ਨਹੀਂ ਹੈ।