ਤਰਨਤਾਰਨ: ਕਸਬਾ ਖੇਮਕਰਨ ਦੇ ਨਜ਼ਦੀਕ ਪੈਂਦੇ ਪਿੰਡ ਮਾਛੀਕੇ ਵਿਖੇ ਨਵਵਿਆਹੁਤਾ ਗਰਭਵਤੀ ਵਲੋਂ ਸੁਹਰੇ ਪਰਿਵਾਰ ਤੋਂ ਦੁਖੀ ਹੋ ਕੇ ਜ਼ਹਿਰੀਲੀ ਚੀਜ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧ 'ਚ ਮ੍ਰਿਤਕ ਦੇ ਪੇਕੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਲੜਕੀ ਨੂੰ ਉਸ ਦੇ ਸਹੁਰੇ ਪਰਿਵਾਰ ਵਲੋਂ ਜਾਣ ਬੁੱਝ ਕੇ ਜਹਿਰ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋਈ ਹੈ।
ਇਸ ਸਬੰਧ 'ਚ ਮ੍ਰਿਤਕ ਲੜਕੀ ਦੇ ਭਰਾ ਰਣਜੀਤ ਸਿੰਘ ਅਤੇ ਪਿਤਾ ਨਿਰਮਲ ਸਿੰਘ ਵਾਸੀ ਖੇਮਕਰਨ ਨੇ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਉਹਨਾਂ ਦੀ ਲੜਕੀ ਦਾ ਵਿਆਹ ਪਿੰਡ ਮਾਛੀਕੇ ਵਿਖੇ ਮਨਜੀਤ ਸਿੰਘ ਨਾਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਵਿਆਹ ਮੌਕੇ ਉਹਨਾਂ ਆਪਣੀ ਹੈਸੀਅਤ ਮੁਤਾਬਿਕ ਦਾਜ ਅਤੇ ਹੋਰ ਸਮਾਨ ਵੀ ਦਿੱਤਾ ਸੀ। ਪਰਿਵਾਰ ਦਾ ਕਹਿਣਾ ਕਿ ਲੜਕੀ ਦਾ ਸੁਹਰਾ ਪਰਿਵਾਰ ਹਮੇਸ਼ਾ ਕੁੜੀ ਨੂੰ ਕਿਸੇ ਨਾ ਕਿਸੇ ਗੱਲੋਂ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ।
ਪਰਿਵਾਰ ਦਾ ਕਹਿਣਾ ਕਿ ਉਨ੍ਹਾਂ ਆਪਣੀ ਲੜਕੀ ਨੂੰ ਸਮਝਾਇਆ ਸੀ ਕਿ ਸਭ ਕੁਝ ਠੀਕ ਹੋ ਜਾਵੇਗਾ, ਪਰ ਅੱਜ ਸਾਨੂੰ ਪਿੰਡ ਮਾਛੀਕੇ ਤੋਂ ਫੋਨ ਆਇਆ ਕਿ ਲੜਕੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ। ਉਨ੍ਹਾਂ ਦੱਸਿਆ ਕਿ ਜਦੋ ਉਹ ਪਿੰਡ ਪਹੁੰਚੇ ਤਾਂ ਉਨ੍ਹਾਂ ਦੀ ਮਰ ਚੁੱਕੀ ਸੀ ਅਤੇ ਕੁੜੀ ਦੇ ਸਹੁਰਾ ਪਰਿਵਾਰ ਦੇ ਸਾਰੇ ਮੈਂਬਰ ਘਰੋਂ ਫਰਾਰ ਹੋ ਗਏ ਸਨ। ਜਿਸ 'ਤੇ ਪੁਲਿਸ ਥਾਣਾ ਖੇਮਕਰਨ ਵਿਖੇ ਸੂਚਨਾ ਦੇ ਦਿੱਤੀ ਗਈ ਹੈ।
ਇਸ ਮੌਕੇ ਐੱਸ.ਐੱਚ.ਓ ਖੇਮਕਰਨ ਜਗਦੀਪ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਲੜਕੀ ਦੇ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਤੇ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਵੇਗਾ।