ਤਰਨਤਾਰਨ: ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਨੇ ਜਸਬੀਰ ਸਿੰਘ ਡਿੰਪਾ ਨੂੰ ਟਿਕਟ ਦੇ ਕੇ ਆਪਣਾ ਉਮੀਦਵਾਰ ਐਲਾਨਿਆ। ਟਿਕਟ ਮਿਲਣ ਦੀ ਖੁਸ਼ੀ 'ਚ ਡਿੰਪਾ ਨੂੰ ਟਿਕਟ ਤਰਨਤਾਰਨ ਦੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਿਰ ਵਿਖੇ ਨਤਮਸਤਕ ਹੋਏ ਤੇ ਪਰਮਾਤਮਾ ਦਾ ਆਸ਼ੀਰਵਾਦ ਲਿਆ। ਇਸ ਮੌਕੇ ਤੇ ਡਿੰਪਾ ਦੇ ਨਾਲ ਤਰਨਤਾਰਨ ਹਲਕੇ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਪੰਜਾਬ ਕਾਂਗਰਸ ਸਕੱਤਰ ਜਨਕ ਰਾਜ ਅਰੋੜਾ, ਗੁਰਮਿੰਦਰ ਸਿੰਘ ਰਟੌਲ, ਰਣਜੀਤ ਸਿੰਘ ਰਾਣਾ ਗੰਡੀਵਿੰਡ, ਸਾਬਕਾ ਪ੍ਰਧਾਨ ਜਤਿੰਦਰ ਕੁਮਾਰ ਸੂਦ ਤੇ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਮੌਜੂਦ ਸਨ।
ਡਿੰਪਾ ਨੇ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋਣ ਤੋਂ ਬਾਅਦ ਤਰਨਤਾਰਨ ਦੇ ਬਜ਼ਾਰਾਂ 'ਚ ਰੋਡ ਸ਼ੋਅ ਵੀ ਕੀਤਾ ਗਿਆ। ਇਸ ਮੌਕੇ ਜਸਬੀਰ ਸਿੰਘ ਡਿੰਪਾ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ। ਅਤੇ ਪੰਜਾਬ ਸਰਕਾਰ ਦੇ ਪਿਛਲੇ ਦੋ ਸਾਲ ਦੇ ਸਮੇਂ 'ਚ ਕੀਤੇ ਗਏ ਕੰਮਾਂ ਦੇ ਆਧਾਰ 'ਤੇ ਲੋਕਾਂ ਕੋਲੋ ਵੋਟ ਮੰਗਣ ਲਈ ਜਾਣਗੇ।
ਡਿੰਪਾ ਦਾ ਕਹਿਣਾ ਹੈ ਕਿ ਹਲਕੇ ਦੇ ਲੋਕ ਉਨ੍ਹਾਂ ਨੂੰ ਇੱਕ ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਦਿਵਾਉਣਗੇ। ਬੀਬੀ ਜਗੀਰ ਕੌਰ ਤੇ ਬੀਬੀ ਪਰਮਜੀਤ ਕੌਰ ਖਾਲੜਾ ਨਾਲ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ। ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਪੰਥ ਪੂਣੇ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ। ਅਕਾਲੀ ਦਲ ਦੇ ਰਾਜ 'ਚ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ। ਇਸ ਮੌਕੇ ਤਰਨਤਾਰਨ ਤੋਂ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਕਿਹਾ ਕਿ ਉਹ ਡਿੰਪਾ ਦੀ ਚੋਣ ਮੁਹਿੰਮ ਹਲਕੇ 'ਚ ਪੂਰੀ ਤਨਦੇਹੀ ਨਾਲ ਚਲਾਉਣਗੇ ਤੇ ਆਪਣੇ ਨਾਲੋਂ ਵੱਧ ਲੀਡ ਤੋਂ ਜਿਤਾਉਣਗੇ। ਇਸ ਮੌਕੇ ਪਾਰਟੀ ਵਰਕਰਾਂ ਨੇ ਡਿੰਪਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।