ਤਰਨ ਤਾਰਨ: ਇਤਿਹਾਸਕ ਨਗਰੀ ਖ਼ਡੂਰ ਸਾਹਿਬ ਵਿਖੇ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ 480ਵਾਂ ਗੁਰਗੱਦੀ ਦਿਵਸ ਸੰਗਤਾਂ ਵੱਲੋਂ ਸ਼ਰਧਾ ਭਾਵ ਨਾਲ ਮਨਾਇਆ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜੋੜ ਮੇਲੇ ਵਿੱਚ ਪੁੱਜੀਆਂ।
ਇਸ ਮੌਕੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਜੀ ਦੇ ਭੋਗ ਪਾਏ ਗਏ। ਇਸ ਦੌਰਾਨ ਧਾਰਮਿਕ ਦੀਵਾਨ ਵੀ ਸਜਾਏ ਗਏ ਅਤੇ ਢਾਡੀ ਅਤੇ ਰਾਗੀ ਜੱਥਿਆਂ ਵੱਲੋਂ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀਆਂ।
ਗੁਰੂ ਸਾਹਿਬ ਦੇ ਗੁਰਗੱਦੀ ਦਿਵਸ ਮੌਕੇ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਗਿਆਨੀ ਮਹਿਤਾਬ ਸਿੰਘ ਨੇ ਗੁਰੂ ਅੰਗਦ ਦੇਵ ਜੀ ਵੱਲੋਂ ਦੱਸੇ ਗਏ ਮਾਰਗ 'ਤੇ ਚੱਲਣ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਅੰਗਦ ਦੇਵ ਜੀ ਨੇ ਸਿੱਖੀ ਦਾ ਪ੍ਰਚਾਰ ਅਤੇ ਨੌਜਵਾਨਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਕਈ ਕਾਰਜ ਕੀਤੇ।
ਦੱਸ ਦਈਏ, ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ 1507 ਨੂੰ ਜ਼ਿਲ੍ਹਾ ਮੁਕਤਸਰ ਦੇ ਪਿੰਡ ਮੱਤੇ ਦੀ ਸਰਾਂ ਵਿਖੇ ਮਾਤਾ ਦਿਆ ਕੌਰ ਤੇ ਪਿਤਾ ਫੇਰੂ ਮੱਲ ਦੇ ਘਰ ਹੋਇਆ। ਗੁਰੂ ਸਾਹਿਬ ਨੇ ਆਪਣੀ ਗੁਰਿਆਈ ਦੇ ਲਗਭਗ 12 ਸਾਲ 9 ਮਹੀਨੇ 17 ਦਿਨ ਖ਼ਡੂਰ ਸਾਹਿਬ ਵਿੱਚ ਰਹਿ ਕੇ ਬਤੀਤ ਕੀਤੇ। ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਗੁਰਮੁਖੀ ਲਿਪੀ ਦੀ ਸਥਾਪਨਾ ਕੀਤੀ ਸੀ।