ਬਠਿੰਡਾ: ਕਿਸਾਨ ਅੰਦੋਲਨ ਦੇ ਚੱਲਦਿਆਂ ਪੰਜਾਬ ਰਾਜ ਭਾਜਪਾ ਮੈਂਬਰਸ਼ਿਪ ਮੁਹਿੰਮ ਦੇ ਮੁਖੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਕਿਸਾਨ ਮਸਲੇ ਹੱਲ ਕਰਨ ਲਈ ਲਗਾਤਾਰ ਕੇਂਦਰ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਪੰਜਾਬ ਦੇ ਹਾਲਾਤਾਂ ਤੋਂ ਕੇਂਦਰੀ ਲੀਡਰਸ਼ਿਪ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਮਨੋਰੰਜਨ ਕਾਲੀਆ ਨੇ ਕਿਹਾ ਕਿ ਮਰਨ ਵਰਤ 'ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਅਪੀਲ ਕਰਦੇ ਹਨ ਕਿ ਉਹ ਮਰਨ ਵਰਤ ਛੱਡ ਕੇ ਟੇਬਲ ਉੱਪਰ ਗੱਲ ਕਰਨ 'ਕੇਂਦਰ ਇਨ੍ਹਾਂ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਤਿਆਰ ਹੈ', 'ਮਰਨ ਵਰਤ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ'।
'ਕੇਜਰੀਵਾਲ ਹੁਣ ਇੱਕ ਹੋਰ ਵੱਡਾ ਝੂਠ ਬੋਲ ਰਹੇ'
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉੱਤੇ ਚੁਟਕੀ ਲੈਂਦੇ ਹੋਏ ਮਨੋਰੰਜਨ ਕਾਲੀਆ ਨੇ ਆਖਿਆ ਕੀ ਕੇਜਰੀਵਾਲ ਹੁਣ ਇੱਕ ਹੋਰ ਵੱਡਾ ਝੂਠ ਬੋਲ ਰਹੇ ਹਨ। ਧਾਰਮਿਕ ਵੋਟਾਂ ਹਾਸਿਲ ਕਰਨ ਲਈ ਇੱਕ ਨਵੀਂ ਗਰੰਟੀ ਦੇ ਦਿੱਤੀ ਜਿਸਦੇ ਵਿੱਚ ਦਿੱਲੀ ਵਿੱਚ ਮੰਦਰ ਦੇ ਪੁਜਾਰੀ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀਆਂ ਨੂੰ ਹਰ ਮਹੀਨੇ 18000 ਪ੍ਰਤੀ ਮਹੀਨਾ ਦੇਣ ਦੀ ਗੱਲ ਆਖੀ ਹੈ। ਉਹ ਸਰਾਸਰ ਝੂਠ ਹੈ, ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਮੌਲਵੀਆਂ ਨੂੰ 18000 ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਸੀ ਜੋ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ ਤੇ ਅੱਜ ਮੌਲਵੀ ਵਿਚਾਰੇ ਸੜਕਾਂ 'ਤੇ ਆਮ ਆਦਮੀ ਪਾਰਟੀ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕਰ ਰਹੇ ਹਨ।
ਜਲਦ ਹੀ ਵੋਟਾਂ ਰਾਹੀਂ ਪੰਜਾਬ ਨੂੰ ਨਵਾਂ ਪ੍ਰਧਾਨ ਮਿਲੇਗਾ
ਪੰਜਾਬ ਰਾਜ ਭਾਜਪਾ ਮੈਂਬਰਸ਼ਿਪ ਮੁਹਿੰਮ ਦੇ ਮੁਖੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਧੋਖਾ ਕੀਤਾ ਹੈ, ਕੋਈ ਵੀ ਗਰੰਟੀ ਹਾਲੇ ਪੂਰੀ ਨਹੀਂ ਹੋਈ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਨੂੰ ਬਦਲਣ ਦੀਆਂ ਚੱਲ ਰਹੀਆਂ ਚਰਚਾਵਾਂ 'ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਜਲਦ ਹੀ ਵੋਟਾਂ ਰਾਹੀਂ ਪੰਜਾਬ ਨੂੰ ਨਵਾਂ ਪ੍ਰਧਾਨ ਮਿਲੇਗਾ, ਚਾਹੇ ਉਹ ਕਾਂਗਰਸ ਪਾਰਟੀ ਦੇ ਵਿੱਚੋਂ ਆਇਆ ਹੋਵੇ ਚਾਹੇ ਬੀਜੇਪੀ ਦਾ ਕੋਈ ਸੀਨੀਅਰ ਆਗੂ ਹੋਵੇ, ਉਹ ਮਨਜ਼ੂਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ 12 ਕਰੋੜ ਮੈਂਬਰ ਬਣ ਚੁੱਕੇ ਹਨ ਜਿਸ ਦੇ ਵਿੱਚ ਪੰਜਾਬ ਦੇ 8 ਲੱਖ ਮੈਂਬਰ ਹੋ ਚੁੱਕੇ ਹਨ।