ਤਰਨਤਾਰਨ: ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਭੰਗਾਲਾ ਵਿੱਖੇ ਆਵਾਰਾ ਪਸ਼ੂਆਂ ਨੂੰ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਇੱਕ ਕਿਸਾਨ ਬਲਜੀਤ ਸਿੰਘ ਵੱਲੋਂ ਇਨ੍ਹਾਂ ਅਵਾਰਾ ਬੇਜ਼ੁਬਾਨ ਪਸ਼ੂਆਂ ਉੱਪਰ 5 ਗੋਲੀਆਂ ਚਲਾਈਆਂ ਗਈਆ ਸਨ, ਜਿਸ ਨਾਲ ਬਲਦ ਦੀ ਮੌਤ ਹੋ ਗਈ ਜਦ ਕਿ ਗਾਂ ਜ਼ਖਮੀ ਹਾਲਾਤ ਵਿੱਚ ਡਰੇਨ ਕਿਨਾਰੇ ਤੜਪਦੀ ਰਹੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਪਸ਼ੂ ਬਲਜੀਤ ਸਿੰਘ ਦੇ ਖੇਤਾਂ ਵਿੱਚ ਚਾਰਾ ਚਰ ਰਹੇ ਸਨ, ਇਸ ਦੌਰਾਨ ਪਸ਼ੂਆਂ ਨੂੰ ਖੇਤਾਂ 'ਚ ਵੇਖ ਕੇ ਗੁੱਸੇ 'ਚ ਕਿਸਾਨ ਨੇ ਉਨ੍ਹਾਂ 'ਤੇ ਗੋਲੀ ਚਲਾ ਦਿੱਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਬਲਜੀਤ ਸਿੰਘ ਨੇ ਪਹਿਲਾ ਬਲਦ ਨੂੰ ਤਿੰਨ ਗੋਲੀਆਂ ਮਾਰੀਆਂ, ਜਿਸ ਨਾਲ ਉਸ ਦੀ ਮੌਤ ਹੋ ਗਈ ਜਦ ਕਿ ਗਾਂ ਨੂੰ 2 ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ।
ਦੱਸਣਯੋਗ ਹੈ ਕਿ ਜਦ ਇਸ ਘਟਨਾ ਦੀ ਖ਼ਬਰ ਪਿੰਡ ਵਾਸੀਆਂ ਨੂੰ ਲੱਗੀ ਤਾਂ ਉਨ੍ਹਾਂ ਇਸ ਦਾ ਵਿਰੋਧ ਕੀਤਾ ਤੇ ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਚੌਕੀ ਤੂਤ ਥਾਣਾ ਸਦਰ ਪੱਟੀ ਨੂੰ ਦਿੱਤੀ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪਿੰਡ ਵਾਸੀਆਂ ਨੇ ਜ਼ਿਲ੍ਹਾ ਤਰਨ ਤਾਰਨ ਦੇ ਐੱਸ.ਐੱਸ.ਪੀ. ਤੋਂ ਮੰਗ ਕੀਤੀ ਹੈ ਕਿ ਗਊ ਹੱਤਿਆ ਕਰਨ ਵਾਲਿਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।