ਤਰਨ ਤਾਰਨ: ਜ਼ਿਲ੍ਹੇ ਵਿੱਚ ਵੱਖ-ਵੱਖ ਵੈਕਸੀਨੇਸ਼ਨ ਕੇਂਦਰਾਂ ‘ਤੇ ਅੱਜ 2125 ਵਿਅਕਤੀਆਂ ਨੂੰ ਕੋਵਿਡ-19 ਸਬੰਧੀ ਵੈਕਸੀਨ ਲਗਾਈ ਗਈ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਕੁਲਵੰਤ ਸਿੰਘ ਨੇ ਦੱਸਿਆ ਕਿ ਕਰੋਨਾ ਵਾਇਰਸ ‘ਤੇ ਕਾਬੂ ਪਾਉਣ ਲਈ ਹੁਣ ਤੱਕ ਜ਼ਿਲ੍ਹਾ ਤਰਨ ਤਾਰਨ ਵਿੱਚ 1,46,378 ਵਿਅਕਤੀਆਂ ਨੂੰ ਕੋਵਿਡ-19 ਸਬੰਧੀ ਵੈਕਸੀਨ ਦੀ ਡੋਜ਼ ਲਗਾਈ ਜਾ ਚੁੱਕੀ ਹੈ । ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹਨ ਇਸ ਭਿਆਨਕ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਵੈਕਸੀਨ ਜ਼ਰੂਰ ਲਗਵਾਉਣ।
ਉਹਨਾਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦਾ ਸ਼ਿਕਾਰ ਹੋ ਚੁੱਕੇ ਲੋਕਾਂ ਦਾ ਜਲਦੀ ਪਤਾ ਲਾਉਣ ਲਈ ਅੱਜ ਜ਼ਿਲੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ’ਚ ਕੋਵਿਡ-19 ਦੀ ਜਾਂਚ ਲਈ ਅੱਜ 1189 ਸੈਂਪਲ ਹੋਰ ਲਏ ਗਏ ਹਨ। ਵੱਖ-ਵੱਖ ਸਰਕਾਰੀ ਹਸਪਤਾਲਾਂ ’ਚ ਅੱਜ ਕੀਤੇ ਗਏ 393 ਰੈਪਿਡ ਐਂਟੀਜਨ ਟੈਸਟਾਂ ਵਿੱਚੋਂ 06 ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ 387 ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ।
ਉਹਨਾਂ ਦੱਸਿਆ ਕਿ ਜ਼ਿਲਾ ਤਰਨ ਤਾਰਨ ਵਿੱਚ ਕੋਵਿਡ-19 ਦੀ ਜਾਂਚ ਲਈ ਹੁਣ ਤੱਕ ਆਰ. ਟੀ. ਪੀ. ਸੀ. ਆਰ., ਰੈਪਿਡ ਐਂਟੀਜਨ ਤੇ ਟਰੂਨੈੱਟ ਵਿਧੀ ਰਾਹੀਂ 2,65,516 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ, ਜਿੰਨਾਂ ਵਿਚੋਂ 2,57,413 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 796 ਦੀ ਰਿਪੋਰਟ ਆਉਣੀ ਬਾਕੀ ਹੈ। ਜ਼ਿਲਾ ਤਰਨ ਤਾਰਨ ਵਿੱਚ ਹੁਣ ਤੱਕ 7730 ਵਿਅਕਤੀ ਕੋਵਿਡ-19 ਤੋਂ ਪੀੜਤ ਪਾਏ ਗਏ ਹਨ।ਉਹਨਾਂ ਦੱਸਿਆ ਕਿ ਹੁਣ ਤੱਕ ਕਰੋਨਾ ਵਾਇਰਸ ਤੋਂ ਪੀੜਤ 7103 ਵਿਅਕਤੀ ਕੋਰੋਨਾ ਵਾਇਰਸ ਨੂੰ ਮਾਤ ਦਿੰਦਿਆਂ ਸਿਹਤਯਾਬੀ ਹਾਸਲ ਕਰ ਚੁੱਕੇ ਹਨ ।
ਇਹ ਵੀ ਪੜੋ: ਹੁਣ ਪੰਜਾਬੀ ਗਾਇਕ ਖਾਨ ਸਾਬ ’ਤੇ ਹੋਇਆ ਪਰਚਾ, ਛਿੱਕੇ ਟੰਗੇ ਸੀ ਕੋਰੋਨਾ ਨਿਯਮ
ਜ਼ਿਲਾ ਤਰਨ ਤਾਰਨ ਵਿੱਚ ਇਸ ਸਮੇਂ ਕੋਵਿਡ-19 ਦੇ 294 ਐਕਟਿਵ ਕੇਸ ਹਨ, ਜਿੰਨਾਂ ਵਿੱਚੋਂ 170 ਵਿਅਕਤੀਆਂ ਨੂੰ ਘਰਾਂ ਚ ਇਕਾਂਤਵਾਸ ਕੀਤਾ ਗਿਆ ਹੈ ਅਤੇ 22 ਵਿਅਕਤੀ ਇਲਾਜ ਲਈ ਹੋਰ ਜ਼ਿਲ੍ਹਿਆਂ ਵਿੱਚ ਦਾਖਲ ਹਨ।ਇਸ ਤੋਂ ਇਲਾਵਾ 05 ਮਰੀਜ਼ਾਂ ਨੂੰ ਗੂਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਲਈ ਰੈਫ਼ਰ ਕੀਤਾ ਗਿਆ ਹੈ ਅਤੇ 02 ਮਰੀਜ਼ ਗੁਰੂ ਨਾਨਕ ਦੇਵ ਸੁਪਰ ਸਪੈਸ਼ਿਲਟੀ ਹਸਪਤਾਲ ਤਰਨ ਤਾਰਨ ਵਿਖੇ ਇਲਾਜ ਅਧੀਨ ਹਨ।
ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਮਹਾਂਮਾਰੀ ਪ੍ਰਤੀ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਨੂੰ ਜ਼ਰੂਰ ਅਪਣਾਉਣ ਅਤੇ ਮਾਸਕ ਪਹਿਨਣ, ਹੱਥਾਂ ਨੂੰ ਵਾਰ-ਵਾਰ ਸਾਫ਼ ਕਰਨ ਅਤੇ 2 ਗਜ਼ ਦੀ ਸਮਾਜਿਕ ਦੂਰੀ ਨੂੰ ਬਣਾਏ ਰੱਖਣ।