ਤਰਨ ਤਾਰਨ: ਕਸਬਾ ਖੇਮਕਰਨ ਵਿਖੇ ਦੋ ਧਿਰਾਂ ਵਿਚਾਲੇ ਜ਼ਮੀਨੀ ਵਿਵਾਦ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿੰਡ ਮਹਿੰਦੀਪੁਰ 'ਚ ਦੋ ਲੋਕਾਂ ਵਿਚਾਲੇ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਕਿਸਾਨ ਦੀ ਪੱਕੀ ਹੋਈ ਝੋਨੇ ਦੀ ਫਸਲ 'ਤੇ ਦਵਾਈ ਦਾ ਛਿੜਕਾਅ ਕਰ ਦਿੱਤਾ ਗਿਆ। ਜਿਸ ਦੇ ਚਲਦੇ ਠੇਕੇ 'ਤੇ ਖੇਤੀ ਕਰਨ ਵਾਲੇ ਕਿਸਾਨ ਦਾ ਭਾਰੀ ਨੁਕਸਾਨ ਹੋ ਗਿਆ।
ਜ਼ਮੀਨ ਦੇ ਮਾਲਕ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਪਿੰਡ ਦੇ ਹੀ ਵਸਨੀਕ ਹਰਪ੍ਰੀਤ ਸਿੰਘ ਅਤੇ ਰਮਨਦੀਪ ਸਿੰਘ ਦੋਵੇਂ ਸਕੇ ਭਰਾਵਾਂ ਕੋਲੋਂ ਕੁੱਝ ਸਾਲ ਪਹਿਲਾਂ 6 ਏਕੜ ਜ਼ਮੀਨ ਖ਼ਰੀਦੀ ਸੀ। ਉਨ੍ਹਾਂ ਕੋਲ ਇਸ ਸਬੰਧੀ ਸਾਰੇ ਕਾਗਜ਼ਾਤ ਵੀ ਮੌਜੂਦ ਹਨ। ਉਨ੍ਹਾਂ ਨੇ ਇਹ ਜ਼ਮੀਨ ਬਲਬੀਰ ਸਿੰਘ ਨਾਂਅ ਦੇ ਇੱਕ ਕਿਸਾਨ ਨੂੰ ਠੇਕੇ ਉੱਤੇ ਦਿੱਤੀ ਸੀ। ਬਲਬੀਰ ਸਿੰਘ ਨੇ ਇਸ ਜ਼ਮੀਨ ਉੱਤੇ ਝੋਨੇ ਦੀ ਫਸਲ ਬੀਜੀ ਸੀ ਜੋ ਕਿ ਪੱਕ ਕੇ ਤਿਆਰ ਹੋ ਗਈ ਸੀ। ਬੀਤੇ ਦਿਨ ਹਰਪ੍ਰੀਤ ਸਿੰਘ ਅਤੇ ਰਮਨਦੀਪ ਸਿੰਘ ਨੇ ਉਨ੍ਹਾਂ ਦੀ ਝੋਨੇ ਦੀ ਫਸਲ ਉੱਤੇ ਕਿਸੇ ਦਵਾਈ ਦਾ ਛਿੜਕਾਅ ਕਰ ਦਿੱਤਾ, ਜਿਸ ਕਾਰਨ ਸਾਰੀ ਫਸਲ ਪੂਰੀ ਤਰ੍ਹਾਂ ਖ਼ਰਾਬ ਹੋ ਗਈ। ਉਨ੍ਹਾਂ ਵਿਰੋਧੀ ਪੱਖ ਉੱਤੇ ਸਖ਼ਤ ਕਾਰਵਾਈ ਦੀ ਅਪੀਲ ਕਰਦਿਆਂ ਇਨਸਾਫ ਦੀ ਮੰਗ ਕੀਤੀ ਹੈ।
ਬਲਬੀਰ ਸਿੰਘ ਨੇ ਕਿਹਾ ਕਿ ਉਸ ਨੇ ਸੁਰਿੰਦਰ ਸਿੰਘ ਕੋਲੋਂ ਠੇਕੇ ਉੱਤੇ ਜ਼ਮੀਨ ਲੈ ਕੇ 6 ਏਕੜ ਵਿੱਚ ਝੋਨੇ ਦੀ ਬਿਜਾਈ ਕੀਤੀ ਸੀ। ਬਲਬੀਰ ਨੇ ਕਿਹਾ ਕਿ ਰਮਨਦੀਪ ਤੇ ਉਸ ਦੇ ਭਰਾ ਨਾਲ ਉਸ ਦਾ ਕੋਈ ਝਗੜਾ ਨਹੀਂ ਹੈ। ਇਸ ਦੇ ਬਾਵਜੂਦ ਦੋ ਧਿਰਾਂ ਦੀ ਇਸ ਲੜਾਈ 'ਚ ਉਸ ਨੂੰ ਭਾਰੀ ਨੁਕਸਾਨ ਝੱਲਣਾ ਪਿਆ।
ਉੱਥੇ ਹੀ ਦੂਜੀ ਧਿਰ ਦੇ ਰਮਨਦੀਪ ਦਾ ਕਹਿਣਾ ਹੈ ਉਨ੍ਹਾਂ ਵੱਲੋਂ ਇਹ ਜ਼ਮੀਨ ਸੁਰਿੰਦਰ ਸਿੰਘ ਅਤੇ ਜੈਮਲ ਸਿੰਘ ਨੇ 2015 'ਚ ਠੇਕੇ ਉੱਤੇ ਦਿੱਤੀ ਸੀ। ਦੋਹਾਂ ਨੇ ਜ਼ਮੀਨ ਉੱਤੇ ਕਬਜ਼ਾ ਕਰ ਲਿਆ। ਉਨ੍ਹਾਂ ਕਿਹਾ ਕਿ ਕੁਝ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੂਜੀ ਧਿਰ ਨੇ ਕੁੱਝ ਕਾਗਜ਼ਾਤਾਂ 'ਤੇ ਉਨ੍ਹਾਂ ਕੋਲੋਂ ਦਸਤਖ਼ਤ ਕਰਵਾ ਕੇ ਜ਼ਮੀਨ ਆਪਣੇ ਨਾਂਅ ਕਰਵਾ ਲਈ। ਇਸ ਸਬੰਧੀ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਪਰ ਅਜੇ ਤੱਕ ਕੋਈ ਹੱਲ ਨਹੀਂ ਹੋ ਸਕਿਆ।
ਇਸ ਮਾਮਲੇ ਉੱਤੇ ਥਾਣਾ ਖੇਮਕਰਨ ਦੇ ਥਾਣਾ ਮੁਖੀ ਤਰਸੇਮ ਮਸੀਹ ਨੇ ਦਸਿਆ ਕਿ ਉਨ੍ਹਾਂ ਨੂੰ ਫਸਲ ਖ਼ਰਾਬ ਕੀਤੇ ਜਾਣ ਸਬੰਧੀ ਸ਼ਿਕਾਇਤ ਮਿਲੀ ਹੈ। ਉਨ੍ਹਾਂ ਵੱਲੋਂ ਸ਼ਿਕਾਇਤ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਵੇਂ ਹੀ ਧਿਰਾਂ ਇੱਕ ਦੂਜੇ ਉੱਤੇ ਦੋਸ਼ ਲਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਦੋਹਾਂ ਧਿਰਾਂ ਦੇ ਬਿਆਨਾਂ ਅਤੇ ਜਾਂਚ ਤੋਂ ਬਾਅਦ ਮੁਲਜ਼ਮ ਪਾਏ ਗਏ ਲੋਕਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।