ਤਰਨਤਾਰਨ: ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਮਾਮਲੇ 'ਚ ਪੁਲਿਸ ਨੇ 4 ਲੋਕਾਂ ਨੂੰ ਰਾਉਂਡ ਅਪ ਕੀਤਾ ਹੈ। ਇਨ੍ਹਾਂ ਚਾਰਾਂ ਮੁਲਜ਼ਮਾਂ ਨੂੰ ਹਿਰਾਸਤ 'ਚ ਲੈ ਕੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਪੁੱਛ-ਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋ ਸਕਦੇ ਹਨ।
ਇਸ ਤੋਂ ਪਹਿਲਾਂ ਪੁਲਿਸ ਜੱਗੂ ਭਗਵਾਨਪੁਰੀਆਂ ਨੂੰ ਪ੍ਰੋਟੈਕਸ਼ਨ ਵਾਰੰਟ ਤਹਿਤ ਪੁੱਛ-ਗਿੱਛ ਲਈ ਗੋਇੰਦਵਾਲ ਲੈ ਕੇ ਆਈ ਸੀ। ਜ਼ਿਕਰਯੋਗ ਹੈ ਕਿ ਪੰਜਾਬ ਦੇ ਕਾਲੇ ਦੌਰ ਵਿੱਚ ਅੱਤਵਾਦੀਆਂ ਨਾਲ ਲੋਹਾ ਲੈਣ ਵਾਲੇ ਸ਼ੌਰਿਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਾਮਰੇਡ ਬਲਵਿੰਦਰ ਸਿੰਘ ਦਾ ਕਤਲ ਭਿੱਖੀਵਿੰਡ ਵਿੱਚ ਉਨ੍ਹਾਂ ਵੱਲੋਂ ਚਲਾਏ ਜਾ ਰਹੇ ਨਿੱਜੀ ਸਕੂਲ ਵਿੱਚ ਕੀਤਾ ਗਿਆ ਹੈ।
ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਉੱਪਰ ਹੁਣ ਤੱਕ 42 ਹਮਲੇ ਹੋ ਚੁੱਕੇ ਹਨ ਜੋ ਕਿ ਪੁਲਿਸ ਕੋਲ਼ ਰਜਿਸਟਰਡ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਅੱਤਵਾਦੀਆਂ ਦੀ ਹਿੱਟ ਲਿਸਟ ਵਿੱਚ ਹੈ ਜਿਸ ਕਰਕੇ ਉਹ ਮੰਨਦੇ ਹਨ ਕਿ ਇਹ ਇੱਕ ਅੱਤਵਾਦੀ ਹਮਲਾ ਸੀ।