ਸੰਗਰੂਰ: ਹਰਿਆਣਾ ਤੋਂ ਬਾਅਦ ਪੰਜਾਬ 'ਚ ਟਿੱਡੀ ਦਲ ਦੇ ਹਮਲੇ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਟਿੱਡੀਆਂ ਦੇ ਹਮਲੇ ਦੇ ਖਤਰੇ ਨੂੰ ਵੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਖੇਤੀਬਾੜੀ ਤੇ ਫਾਇਰ ਬ੍ਰਿਗੇਡ ਵਿਭਾਗ ਨਾਲ ਮਿਲ ਕੇ ਬਚਾਅ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ।
ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ, ਫਾਇਰ ਬ੍ਰਿਗੇਡ ਤੇ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਰਣੀਕੇ ਵਿਖੇ ਮੌਕ ਡ੍ਰਿਲ ਕੀਤੀ ਗਈ। ਇਸ ਮੌਕ ਡ੍ਰਿਲ ਦਾ ਮੁੱਖ ਮਕਸਦ ਟਿੱਡੀ ਦੇ ਹਮਲੇ ਤੋਂ ਬਚਾਅ ਕਰਨਾ ਹੈ। ਇਸ ਦੌਰਾਨ ਟਿੱਡੀ ਦਲ ਦੇ ਹਮਲੇ ਨੂੰ ਰੋਕਣ ਦਾ ਅਭਿਆਸ ਕੀਤਾ ਗਿਆ।
ਇਸ ਬਾਰੇ ਦੱਸਦੇ ਹੋਏ ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਮਵੀਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਦੀ ਹਿਦਾਇਤਾਂ ਮੁਤਾਬਕ ਟਿੱਡੀ ਦਲ ਦੇ ਹਮਲੇ ਤੋਂ ਬਚਾਅ ਕਰਨ ਲਈ ਵਿਸ਼ੇਸ਼ ਦਵਾਈਆਂ, ਕਿਸਾਨਾਂ ਨੂੰ ਸਪਰੇਅ ਪੰਪ, ਪਾਣੀ ਦੀ ਟੈਂਕੀਆਂ ਤੇ ਸਹਾਇਤਾ ਲਈ ਫਾਇਰ ਬ੍ਰਿਗੇਡ ਆਦਿ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਅਭਿਆਸ ਕਰਨ ਨਾਲ ਲੋੜ ਪੈਣ 'ਤੇ ਬਚਾਅ ਕਰਨਾ ਸੌਖਾ ਹੋਵੇਗਾ।
ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਫਸਰ ਨੇ ਕਿਹਾ ਕਿ ਕਿਸਾਨਾਂ ਤੱਕ ਟਰੈਕਟਰ ਨਾਲ ਚੱਲਣ ਵਾਲੇ ਸਪਰੇਅ ਪੰਪ ਪਹੁੰਚਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਜ਼ਿਲ੍ਹਾਂ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਸਣੇ ਕਈ ਸੰਸਥਾਵਾਂ ਇਸ ਬਚਾਅ ਕਾਰਜ 'ਚ ਸਹਿਯੋਗ ਪਾਉਣਗੀਆਂ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਕਿਸੇ ਵੀ ਥਾਂ ਹਮਲੇ ਬਾਰੇ ਪਤਾ ਲਗਦੇ ਹੀ ਕਿਸਾਨ ਖੇਤੀਬਾੜੀ ਵਿਭਾਗ ਨੂੰ ਸੂਚਿਤ ਕਰਕੇ ਮਦਦ ਹਾਸਲ ਕਰ ਸਕਦੇ ਹਨ।