ਸੰਗਰੂਰ : ਜਿਥੇ ਦੀਵਾਲੀ ਦੇ ਤਿਉਹਾਰ 'ਤੇ ਲੋਕਾਂ ਦੇ ਘਰ ਰੌਸ਼ਨੀ ਨਾਲ ਜਗਮਗਾਉਂਦੇ ਨਜ਼ਰ ਆਉਂਦੇ ਹਨ, ਉਥੇ ਹੀ ਦੂਜੇ ਪਾਸੇ ਰੌਸ਼ਨੀ ਲਈ ਮਿੱਟੀ ਦੇ ਦੀਵੇ ਬਣਾਉਣ ਵਾਲੇ ਘੁਮਿਆਰ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ। ਕੋਰੋਨਾ ਮਹਾਂਮਾਰੀ ਤੇ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਘੁਮਿਆਰ ਆਪਣਾ ਕਾਰੋਬਾਰ ਮੰਦਾ ਪੈਣ ਨੂੰ ਲੈ ਕੇ ਚਿੰਤਤ ਹਨ।
ਮਿੱਟੀ ਦੇ ਦੀਵੇ ਅਤੇ ਭਾਂਡੇ ਬਣਾਉਣ ਵਾਲੇ ਘੁਮਿਆਰ ਮਿੱਠੂ ਰਾਮ ਤੇ ਸੰਨੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਕਈ ਪੀੜ੍ਹੀਆਂ ਮੁੱਢ ਤੋਂ ਮਿੱਟੀ ਦੇ ਭਾਂਡੇ ਤੇ ਦੀਵੇ ਆਦਿ ਬਣਾਉਣ ਦਾ ਕੰਮ ਕਰ ਰਹੀਆਂ ਹਨ। ਮਿੱਟੀ ਦੇ ਭਾਂਡੇ ਤੇ ਦੀਵੇ ਬਣਾ ਕੇ ਵੇਚਣ ਨਾਲ ਹੀ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ। ਉਨ੍ਹਾਂ ਦੱਸਿਆ ਕਿ ਮਿੱਟੀ ਦੇ ਸਮਾਨ ਨੂੰ ਤਿਆਰ ਕਰਨ ਲਈ ਉਹ 6 ਹਜ਼ਾਰ ਰੁਪਏ ਮਿੱਟੀ ਦੀ ਪ੍ਰਤੀ ਟਰਾਲੀ ਦੇ ਹਿਸਾਬ ਨਾਲ ਖ਼ਰਚ ਕਰਦੇ ਹਨ। ਮਿੱਟੀ ਦਾ ਸਮਾਨ ਪੂਰਾ ਤਿਆਰ ਹੋਣ ਮਗਰੋਂ ਇਸ ਨੂੰ ਵੇਚਣ 'ਤੇ ਉਨ੍ਹਾਂ ਨੂੰ ਮਿਹਨਤ ਅਤੇ ਲਗਾਈ ਗਈ ਲਾਗਤ ਦੇ ਬਰਾਬਰ ਮੁੱਲ ਨਹੀਂ ਮਿਲਦਾ।
ਘੁਮਿਆਰਾਂ ਦਾ ਕਹਿਣ ਹੈ ਕਿ ਹੁਣ ਲੋਕ ਮਿੱਟੀ ਦੇ ਭਾਂਡੇ ਘੱਟ ਖਰੀਦਦੇ ਹਨ। ਤਿਉਹਾਰਾਂ ਦੇ ਮੌਕੇ ਉਹ ਆਪਣੇ ਮਿੱਟੀ ਦੇ ਦੀਵੇ ਅਤੇ ਹੋਰਨਾਂ ਮਿੱਟੀ ਦੇ ਸਮਾਨ ਵਿੱਕਣ ਦੀ ਉਡੀਕ ਕਰਦੇ ਹਨ, ਪਰ ਜਿਆਦਾਤਰ ਲੋਕ ਮਿੱਟੀ ਦੇ ਦੀਵੀਆਂ ਦੀ ਬਜਾਏ ਚਾਈਨੀਜ਼ ਲਾਈਟਾਂ ਆਦਿ ਖਰੀਦਣਾ ਪਸੰਦ ਕਰਦੇ ਹਨ। ਜਿਸ ਕਾਰਨ ਆਮਦਨੀ ਨਾ ਹੋਣ ਦੇ ਚਲਦੇ ਹੌਲੀ-ਹੌਲੀ ਉਨ੍ਹਾਂ ਦਾ ਕਾਰੋਬਾਰ ਠੱਪ ਪੈ ਰਿਹਾ ਹੈ। ਉਨ੍ਹਾਂ ਆਖਿਆ ਬੇਸ਼ਕ ਹੁਣ ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ, ਪਰ ਕੋਰੋਨਾ ਵਾਇਰਸ ਤੇ ਸਮਾਨ ਦੀ ਵਿਕਰੀ ਨਾ ਹੋਣ ਦੇ ਚਲਦੇ ਉਹ ਆਰਥਿਕ ਮੰਦੀ ਝੱਲ ਰਹੇ ਹਨ।
ਘੁਮਿਆਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਕਾਰੋਬਾਰ ਸਬੰਧੀ ਵੀ ਕੋਈ ਮਦਦ ਨਹੀਂ ਮਿਲਦੀ, ਜਿਸ ਦੇ ਚਲਦੇ ਉਨ੍ਹਾਂ ਨੂੰ ਅੱਜ ਆਪਣੀ ਹੋਂਦ ਦੀ ਲੜਾਈ ਲੜਨੀ ਪੈ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਲੋਕਾਂ ਕੋਲੋਂ ਮਦਦ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਉਹ ਚਾਹੁੰਦੇ ਹਨ ਕਿ ਸਰਕਾਰ ਉਨ੍ਹਾਂ ਦੇ ਕੰਮ ਨੂੰ ਛੋਟੇ ਸੰਨਤਾਂ 'ਚ ਸ਼ਾਮਲ ਕਰੇ ਤਾਂ ਜੋਂ ਉਹ ਵੀ ਕਾਰੋਬਾਰ ਸਬੰਧੀ ਸਰਕਾਰੀ ਯੋਜਨਾਵਾਂ ਦਾ ਲਾਭ ਲੈ ਸਕਣ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਮਿੱਟੀ ਦੇ ਭਾਂਡੇ ਤੇ ਦੀਵਾਲੀ ਮੌਕੇ ਦੀਵੇ ਖਰੀਦਣ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਦੇ ਘਰ ਵੀ ਰੌਸ਼ਨ ਹੋ ਸਕਣ।