ਸੰਗਰੂਰ: ਦੇਸ਼ ਭਰ 'ਚ ਅੱਜ 71ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਮਲੇਰਕੋਟਲਾ ਸ਼ਹਿਰ 'ਚ ਐੱਸਡੀਐਮ ਵਿਕਰਮਜੀਤ ਸਿੰਘ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਦੋ ਲੋੜਵੰਦ ਦਿਵਿਆਂਗ ਭੈਣਾਂ ਦੀ ਮਦਦ ਕੀਤੀ ਗਈ।
ਬੀਤੇ ਦਿਨੀਂ ਈਟੀਵੀ ਭਾਰਤ ਵੱਲੋਂ ਦੋ ਲੋੜਵੰਦ ਸਕੀਆਂ ਭੈਣਾਂ ਦੀ ਖ਼ਬਰ ਨਸ਼ਰ ਕੀਤੀ ਗਈ ਸੀ। ਇਹ ਦੋਵੇਂ ਭੈਣਾਂ ਦਿਵਿਆਂਗ ਹਨ ਤੇ ਉਨ੍ਹਾਂ ਕੋਲ ਕੋਈ ਵੀ ਟ੍ਰਾਈਸਾਈਕਲ ਨਹੀਂ ਸੀ। ਈਟੀਵੀ ਭਾਰਤ 'ਤੇ ਖ਼ਬਰ ਵਿਖਾਏ ਜਾਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਣਤੰਤਰ ਦਿਵਸ ਮੌਕੇ ਦੋਹਾਂ ਭੈਣਾਂ ਨੂੰ ਟ੍ਰਾਈਸਾਈਕਲ ਭੇਟ ਕੀਤੇ ਗਏ। ਇਸ ਤੋਂ ਇਲਾਵਾ ਮਲੇਰਕੋਟਲਾ ਦੇ ਪੁਲਿਸ ਅਧਿਕਾਰੀਆਂ ਵੱਲੋਂ ਵੀ ਇਨ੍ਹਾਂ ਭੈਣਾਂ ਦੀ ਆਰਥਿਕ ਮਦਦ ਕੀਤੀ ਗਈ। ਇਸ ਦੇ ਲਈ ਸੀਨੀਅਰ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਆਪਣੀ ਇੱਕ ਦਿਨ ਦੀ ਤਨਖ਼ਾਹ ਇਨ੍ਹਾਂ ਭੈਣਾਂ ਨੂੰ ਮਦਦ ਰਾਸ਼ੀ ਦੇ ਤੌਰ 'ਤੇ ਦਿੱਤੀ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐੱਸਪੀ ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਸਾਨੂੰ ਧਾਰਮਿਕ ਸਥਾਨਾਂ 'ਤੇ ਚੜਾਵਾ ਚੜਾਉਣ ਦੀ ਬਜਾਏ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਬਾਰੇ ਮਲੇਰਕੋਟਲਾ ਦੇ ਡੀਐਸਪੀ ਸੁਮਿਤ ਸੂਦ ਨੇ ਵੀ ਲੋਕਾਂ ਨੂੰ ਲੋੜਵੰਦ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।