ਸੰਗਰੂਰ : ਮੂਨਕ ਵਿਖੇ ਸਥਿਤ ਸਬ ਡਵੀਜ਼ਨਲ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਹੋਣ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਲੋਕ ਇਲਾਜ ਤਾਂ ਕਰਵਾਉਣ ਆਉਂਦੇ ਹਨ ਪਰ ਉਨ੍ਹਾਂ ਦਾ ਸਹੀ ਇਲਾਜ ਨਹੀਂ ਹੋ ਪਾਉਂਦਾ ਕਿਉਂਕਿ ਇਥੇ ਮਾਹਿਰ ਡਾਕਟਰਾਂ ਦੀ ਘਾਟ ਹੈ।
ਸਾਲ 2013 ਵਿੱਚ ਸੰਗਰੂਰ ਦੇ ਮੂਨਕ ਕਸਬੇ ਵਿੱਚ ਉਸ ਵੇਲੇ ਦੀ ਮੌਜ਼ੂਦਾ ਸਰਕਾਰ ਵੱਲੋਂ 100 ਬਿਸਤਰਿਆਂ ਵਾਲਾ ਵਧੀਆ ਸਬ ਡਵੀਜ਼ਨ ਸਰਕਾਰੀ ਹਸਪਤਾਲ ਖੋਲ੍ਹਿਆ ਗਿਆ ਸੀ। ਇਸ ਹਸਪਤਾਲ ਦੇ ਖ਼ੇਤਰ ਵਿੱਚ 85 ਪਿੰਡਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਬਣਾਇਆ ਗਿਆ ਸੀ ਪਰ ਹੁਣ ਸੂਬੇ ਦੀ ਮੌਜੂਦਾ ਕੈਪਟਨ ਸਰਕਾਰ ਵੱਲੋਂ ਇਸ ਹਸਪਤਾਲ ਉੱਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਆਰੇ 'ਚ ਦਰੱਖਤਾਂ ਦੀ ਕਟਾਈ 'ਤੇ ਲਗਾਈ ਰੋਕ, 21 ਅਕਤੂਬਰ ਨੂੰ ਅਗਲੀ ਸੁਣਵਾਈ
ਇਥੇ ਇਲਾਜ ਕਰਵਾਉਣ ਆਏ ਲੋਕਾਂ ਨੇ ਆਪਣੀ ਪਰੇਸ਼ਾਨੀ ਸਾਂਝੀ ਕਰਦੇ ਹੋਏ ਦੱਸਿਆ ਕਿ ਹਸਪਤਾਲ ਵਿੱਚ ਅਸਾਮੀਆਂ ਖਾਲੀ ਹੋਣ ਦੇ ਬਾਵਜ਼ੂਦ ਭਰਤੀ ਨਹੀਂ ਕੀਤੀ ਜਾ ਰਹੀ ਪੂਰੇ ਹਸਪਤਾਲ ਵਿੱਚ ਮਹਿਜ ਕੁੱਝ ਹੀ ਡਾਕਟਰ ਹਨ। ਇਥੇ ਔਰਤਾਂ ਅਤੇ ਬੱਚਿਆਂ ਦੇ ਮਾਹਿਰ ਡਾਕਟਰਾਂ ਦੀ ਘਾਟ ਹੈ। ਦੂਜੇ ਪਾਸੇ ਹਸਪਤਾਲ ਦੇ ਸਟਾਫ ਅਤੇ ਡਾਕਟਰਾਂ ਨੇ ਵੀ ਮੰਨਿਆ ਕਿ ਹਸਪਤਾਲ ਵਿੱਚ ਸਿਰਫ਼ ਤਿੰਨ ਹੀ ਡਾਕਟਰ ਹਨ ਜਿਸ ਕਾਰਨ ਕਈ ਵਾਰ ਜੇਕਰ ਕੋਈ ਡਾਕਟਰ ਨਾ ਆ ਸਕੇ ਤਾਂ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਦੇ ਨਾਲ-ਨਾਲ ਹਸਪਤਾਲ ਦੇ ਹੋਰਨਾਂ ਵਿਭਾਗਾਂ ਜਿਵੇਂ ਸਕੈਨਿੰਗ,ਰੇਡੀਓਲਾਜ਼ੀ ਆਦਿ ਵਿੱਚ ਵੀ ਅਸਾਮੀਆਂ ਖਾਲੀ ਹਨ ਪਰ ਸਰਕਾਰ ਵੱਲੋਂ ਇਸ ਨੂੰ ਪੂਰਾ ਕੀਤੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਹਸਪਤਾਲ ਦੇ ਸਟਾਫ ਅਤੇ ਸਥਾਨਕ ਲੋਕਾਂ ਨੇ ਸੂਬਾ ਸਰਕਾਰ ਕੋਲੋਂ ਜਲਦ ਤੋਂ ਜਲਦ ਮੂਨਕ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀਆਂ ਅਸਾਮੀਆਂ ਨੂੰ ਪੂਰਾ ਕੀਤੇ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਲੋਕ ਅਸਾਨੀ ਨਾਲ ਇਲਾਜ ਕਰਵਾ ਸਕਣ।