ਸੰਗਰੂਰ: ਪੰਥਕ ਰੈਲੀ ਦੌਰਾਨ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਬਾਦਲ ਪਰਿਵਾਰ ਵਿਰੁਧ ਰੱਜ ਕੇ ਆਪਣੀ ਭੜਾਸ ਕੱਢੀ। ਉਨ੍ਹਾਂ ਬਾਦਲ ਪਰਿਵਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇ ਸੱਚਮੁੱਚ ਸੁਖਬੀਰ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਾਉਣਾ ਚਾਹੁੰਦੇ ਹਨ, ਤਾਂ ਉਹ ਆਪਣੀ ਪਾਰਟੀ 'ਚ ਮਤਾ ਪਵਾਉਣ।
ਢੀਡਸਾਂ ਪਿਓ-ਪੁੱਤ ਦੀ ਸਟੇਜ 'ਤੇ ਜਿੱਥੇ ਅਕਾਲੀ ਦਲ ਟਕਸਾਲੀ ਦੇ ਸਾਰੇ ਵੱਡੇ ਆਗੂ ਇੱਕ ਹੋ ਕੇ ਪਹੁੰਚੇ ਤਾਂ ਉੱਥੇ ਹੀ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਦੱਬ ਕੇ ਅਕਾਲੀ ਦਲ ਦੇ ਵਿਰੁੱਧ ਮੋਰਚਾਬੰਦੀ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਮਕਸਦ ਸਿਰਫ਼ ਇੱਕ ਹੈ ਕਿ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸ ਤਰ੍ਹਾਂ ਦੇ ਨਾਲ ਬਾਦਲਾਂ ਦੇ ਚੁੰਗਲ 'ਚੋਂ ਅਜ਼ਾਦ ਕਰਵਾਇਆ ਜਾਵੇ। ਕਿਉਂਕਿ ਲਗਾਤਾਰ ਐਸਜੀਪੀਸੀ ਉੱਤੇ ਸਵਾਲ ਖੜ੍ਹੇ ਹੋ ਰਹੇ ਹਨ ਭਾਵੇਂ ਉਹ ਐੱਸਜੀਪੀਸੀ ਵੱਲੋਂ ਖ਼ਰਚ ਕੀਤੇ ਜਾ ਰਹੇ ਪੈਸੇ ਦੀ ਗੱਲ ਹੋਵੇ ਜਾਂ ਫਿਰ 2 ਸਾਲ ਹੋਣ ਦੇ ਬਾਵਜੂਦ ਐਸਜੀਪੀਸੀ ਚੋਣਾਂ ਨਹੀਂ ਕਰਵਾਉਣ ਦੀ ਗੱਲ ਹੋਵੇ।
ਪਰਮਿੰਦਰ ਸਿੰਘ ਢੀਂਡਸਾ ਨੇ ਆਪਣੀ ਸਟੇਜ ਤੋਂ ਬੋਲਦੇ ਹੋਏ ਜਿੱਥੇ ਅਕਾਲੀ ਦਲ 'ਤੇ ਸਵਾਲ ਖੜ੍ਹੇ ਕੀਤੇ ਤਾਂ ਉਨ੍ਹਾਂ ਨੇ ਬੋਨੀ ਅਜਨਾਲਾ ਦੀ ਅਕਾਲੀ ਦਲ ਵਿੱਚ ਮੁੜ ਵਾਪਸੀ 'ਤੇ ਵੀ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਜਿੱਥੇ ਅਕਾਲੀ ਦਲ ਟਕਸਾਲੀਆਂ ਵਿੱਚ ਸ਼ਾਮਲ ਹੋਏ ਆਗੂਆਂ ਨੂੰ ਪੰਥ ਵਿਰੋਧੀ ਦਾ ਖਿਤਾਬ ਦਿੰਦੇ ਹਨ ਤਾਂ ਕੀ ਹੁਣ ਬੋਨੀ ਅਜਨਾਲਾ ਅਤੇ ਉਨ੍ਹਾਂ ਦਾ ਪਰਿਵਾਰ ਮੁੜ ਤੋਂ ਅਕਾਲੀ ਦਲ ਵਿੱਚ ਸ਼ਾਮਿਲ ਹੋ ਕੇ ਪੰਥ ਹਿਮਾਇਤੀ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਸਾਡੇ ਕੋਲੋਂ ਵੀ ਕੁੱਝ ਗ਼ਲਤੀਆਂ ਹੋਈਆਂ ਹਨ। ਕਿਉਂਕਿ ਜਿਹੜਾ ਫ਼ੈਸਲਾ ਅਸੀਂ ਹੁਣ ਲਿਆ ਹੈ, ਇਹ ਬਹੁਤ ਪਹਿਲਾ ਲੈ ਲੈਣਾ ਚਾਹੀਦਾ ਸੀ। ਇਸ ਦੇਰੀ ਲਈ ਅਸੀਂ ਸਮੂਹ ਸੰਗਤ ਤੋਂ ਮੁਆਫ਼ੀ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਉਹ ਬਾਦਲਾਂ ਖ਼ਿਲਾਫ਼ ਵਿੱਢੀ ਲੜਾਈ ਤੋਂ ਕਦੇ ਵੀ ਪਿੱਛੇ ਨਹੀਂ ਹੱਟਣਗੇ। ਇਸ ਲੜਾਈ ਨੂੰ ਅੰਜ਼ਾਮ ਤੱਕ ਪਹੁੰਚਾਉਣ ਲਈ ਸੰਘਰਸ਼ ਜਾਰੀ ਰਹੇਗਾ।
ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਦੀ ਸਹੀ ਅਗਵਾਈ ਕੌਣ ਕਰ ਸਕਦਾ ਹੈ, ਇਸ ਦਾ ਫ਼ੈਸਲਾ ਲੋਕਾਂ 'ਤੇ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਬੰਧਕ ਸੁਚੱਜੇ ਢੰਗ ਨਾਲ ਚਲਾਉਣ ਖ਼ਾਤਰ ਧਰਮ ਪ੍ਰਤੀ ਸੇਵਾ ਭਾਵਨਾ ਰੱਖਣ ਵਾਲੇ ਲੋਕਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਦੀ ਬਹਾਲੀ ਲਈ ਯਤਨ ਜਾਰੀ ਰੱਖੇ ਜਾਣਗੇ।