ਬਰਨਾਲਾ: ਕੋਰੋਨਾ ਕਾਲ ਵਿੱਚ ਐਂਬੂਲੈਂਸ ਚਾਲਕਾਂ ਵਲੋਂ ਆਪਣੀ ਮਨਮਰਜ਼ੀ ਦੇ ਰੇਟ ਲੈ ਕੇ ਲੋਕਾਂ ਦੀ ਲੁੱਟ ਦੇ ਮਾਮਲੇ ਸਮੁੱਚੇ ਭਾਰਤ ਸਮੇਤ ਪੰਜਾਬ ਵਿੱਚ ਵੀ ਸਾਹਮਣੇ ਆ ਰਹੇ ਹਨ। ਬਰਨਾਲਾ ਦੇ ਮਰੀਜ਼ਾਂ ਨੇ ਵੀ ਐਂਬੂਲੈਂਸ ਚਾਲਕਾਂ ’ਤੇ ਵੱਧ ਕਿਰਾਇਆ ਲੈਣ ਦੇ ਦੋਸ਼ ਲਗਾਏ ਸਨ। ਜਿਸਨੂੰ ਰੋਕ ਲਗਾਉਣ ਲਈ ਜ਼ਿਲ੍ਹਾ ਬਰਨਾਲਾ ਦਾ ਪ੍ਰਸ਼ਾਸ਼ਨ ਹਰਕਤ ਵਿੱਚ ਆਇਆ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਲੋਂ ਇਸ ਸਬੰਧੀ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਐਂਬੂਲੈਂਸਾਂ ਦੇ ਰੇਟ ਤੈਅ ਕੀਤੇ ਹਨ ਅਤੇ ਤੈਅ ਕੀਤੇ ਰੇਟ ਤੋਂ ਵੱਧ ਕਿਰਾਇਆ ਵਸੂਲਣ ਵਾਲੇ ਐਂਬੂਲੈਂਸ ਚਾਲਕ ਵਿਰੁੱਧ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਬੇਸਿਕ ਲਾਈਫ ਸੁਪੋਰਟ (ਬੀਐਲਐਸ) 2000 ਸੀਸੀ ਤੱਕ ਦੀ ਐਂਬੂਲੈਂਸ ਲਈ 15 ਕਿਲੋਮੀਟਰ ਤੱਕ ਘੱਟੋ-ਘੱਟ ਕਿਰਾਇਆ 1200 ਰੁਪਏ ਅਤੇ ਇਸ ਤੋਂ ਵੱਧ 12 ਰੁਪਏ ਪ੍ਰਤੀ ਕਿਲੋਮੀਟਰ ਦੇ ਰੇਟ ਨਿਰਧਾਰਿਤ ਕੀਤੇ ਹਨ। ਬੀਐਲਐਸ ਐਂਬੂਲੈਂਸ 2000 ਸੀਸੀ ਤੱਕ ਅਤੇ ਇਸ ਤੋਂ ਵੱਧ ਈਕੋ ਸਪੌਟ ਪੈਟਰੋਲ ਦਾ 15 ਕਿਲੋਮੀਟਰ ਤੱਕ ਘੱਟ ਘੱਟ ਕਿਰਾਇਆ 1500 ਰੁਪਏ ਅਤੇ ਇਸ ਤੋਂ ਵੱਧ 18 ਰੁਪਏ ਪ੍ਰਤੀ ਕਿਲੋਮੀਟਰ ਰੇਟ ਨਿਰਧਾਰਿਤ ਕੀਤਾ ਹੈ। ਐਡਵਾਂਸ ਕਰੈਡਿਟ ਲਾਈਫ ਸੁਪੋਰਟ ਐਂਬੂਲੈਂਸ ਦਾ 15 ਕਿਲੋਮੀਟਰ ਤੱਕ ਦਾ ਘੱਟੋ ਘੱਟ ਕਿਰਾਇਆ 2000 ਰੁਪਏ ਅਤੇ ਇਸ ਤੋਂ ਵੱਧ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ 20 ਰੁਪਏ ਨਿਰਧਾਰਿਤ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਐੈਂਬੂਲੈਂਸ ਦਾ ਕਿਰਾਇਆ ਸ਼ਹਿਰ ਵਿਚ ਕਰੋਨਾ ਮਰੀਜ਼ ਲਈ 1000 ਰੁਪਏ (10 ਕਿਲੋਮੀਟਰ ਤੱਕ) ਹੋਵੇਗਾ। ਇਸ ਤੋਂ ਉੁਪਰ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਚਾਰਜ ਕੀਤੇ ਜਾਣਗੇ ਵਾਹਨ ਦਾ ਕਿਰਾਇਆ ਉਸ ਨੂੰ ਕਿਰਾਏ ’ਤੇ ਲੈਣ ਵਾਲੀ ਧਿਰ ਵੱਲੋਂ ਉਸ ਸਥਾਨ ਤੋਂ ਐਂਬੂਲੈਂਸ ਛੱਡਣ ਵਾਲੇ ਸਥਾਨ ਅਤੇ ਵਾਪਸੀ ਤੱਕ ਲਾਗ ਬੁੱਕ ਅਨੁਸਾਰ ਅਦਾ ਕੀਤਾ ਜਾਵੇਗਾ।
ਵੈਂਟੀਲੇਟਰ ਵਾਲੀ ਐਂਬੂਲੈਂਸ ਵਿਚ ਮੈਡੀਕਲ ਸਟਾਫ ਸਬੰਧਤ ਹਸਪਤਾਲ ਵੱਲੋਂ ਭੇਜਿਆ ਜਾਵੇਗਾ, ਜਿਸ ਦਾ ਖਰਚਾ 1500 ਰੁਪਏ ਪ੍ਰਤੀ ਦੌਰਾ ਵੱਖਰੇ ਤੌਰ ’ਤੇ ਹੋਵੇਗਾ। ਜੇਕਰ ਐਂਬੂਲੈਂਸ ਮਾਲਕ ਵੱਲੋਂ ਉਪਰ ਦਰਸਾਏ ਰੇਟਾਂ ਤੋਂ ਵੱਧ ਚਾਰਜ ਕੀਤਾ ਜਾਂਦਾ ਹੈ ਤਾਂ ਇਸ ਸਬੰਧੀ ਜ਼ਿਲਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01679-230032 ’ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ।