ਸੰਗਰੂਰ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਲਹਿਰਾਗਾਗਾ ਸ਼ਹਿਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਕਾਰ ਦੀਆਂ ਨੀਤੀਆਂ ਨੂੰ ਨਿਸ਼ਾਨੇ 'ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਲਈ ਰਾਹ ਖੋਲ੍ਹ ਰਹੀ ਹੈ ਜਿਸਨੂੰ ਕਿਸੇ ਸੂਰਤ ਵਿੱਚ ਵੀ ਨਹੀਂ ਖੋਲ੍ਹਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕਣਕ ਨੂੰ ਅੱਗ ਲੱਗਣ 'ਤੇ ਬੋਲਦਿਆ ਕਿਹਾ ਕਿ ਇਹ ਇੱਕ ਨਾ ਸਹਿਣਯੋਗ ਘਟਨਾ ਹੈ ਇਸ 'ਤੇ ਸਰਕਾਰ ਨਾਲ ਗੱਲ ਕਰਾਂਗੇ।
ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਕਿਹਾ ਕਿ ਘਰਾਂ ਵਿੱਚ ਚਿੱਪ ਵਾਲੇ ਮੀਟਰ ਲਾਉਣਾ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨੀ, ਚੰਡੀਗਡ਼੍ਹ ਚੋਂ ਪੰਜਾਬ ਦੇ ਅਖ਼ਤਿਆਰ ਖ਼ਤਮ ਕਰਨੇ ਇਹ ਸਭ ਕੁਝ ਪ੍ਰਾਈਵੇਟ ਕਰਨ ਦੇ ਲਈ ਰਾਹ ਸਰਕਾਰ ਖੋਲ ਰਹੀ ਹੈ। ਵਿੱਦਿਆ, ਸਿਹਤ ਸੇਵਾਵਾਂ, ਬਿਜਲੀ ਸਭ ਕੁਝ ਪ੍ਰਾਈਵੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕੋਰੋਨਾ ਜਿੱਤਿਆ, ਮੀਡੀਆ ਦੇ ਸਹਿਯੋਗ ਨਾਲ ਕਾਲੇ ਕਾਨੂੰਨ ਜਿੱਤੇ ਅਤੇ ਤੁਹਾਡੇ ਸਹਿਯੋਗ ਨਾਲ ਜੋ ਹੋਰ ਮਸਲੇ ਹਨ ਉਹ ਵੀ ਜ਼ਰੂਰ ਜਿੱਤਾਂਗੇ।
ਉਗਰਾਹਾਂ ਨੇ ਕਿਹਾ ਕਿ ਕਣਕ ਦੀ ਫਸਲ ਨੂੰ ਅੱਗ ਲੱਗਣ ਦੀਆਂ ਘਟਨਾ ਨਾ ਸਹਿਣਯੋਗ ਹਨ। ਸਰਕਾਰ ਨੂੰ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਵਿੱਚ ਨਿੱਤ ਦਿਹਾੜੇ ਲੁੱਟਾਂ, ਖੋਹਾਂ, ਡਕੈਤੀਆਂ, ਕਤਲੋਗਾਰਤ ਬਾਰੇ ਉਗਰਾਹਾਂ ਨੇ ਤੰਜ ਕਸਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਪੁੱਛੋ ਅਤੇ ਇਹ ਸਵਾਲ ਉਨ੍ਹਾਂ ਨੂੰ ਕਰੋ ਨਾਨੀ ਖਸਮ ਕਰੇ ਤਾਂ ਦੋਹਤਾ ਜ਼ਿੰਮੇਵਾਰ ਨਹੀਂ ਹੈ। ਉਨ੍ਹਾਂ ਦਾ ਭਾਵ ਸੀ ਇਸ ਬਾਰੇ ਅਸੀਂ ਜ਼ਿੰਮੇਵਾਰ ਨਹੀਂ ਹਾਂ, ਇਹ ਸਵਾਲ ਸਰਕਾਰ ਨੂੰ ਕੀਤਾ ਜਾਵੇ।
ਇਹ ਵੀ ਪੜ੍ਹੋ: ਚਿੱਪ ਵਾਲੇ ਮੀਟਰ ਨੂੰ ਲੈ ਕੇ ਬੱਚਿਆਂ ਦੇ ਮੋਰਚੇ ਦੇ ਹੱਕ ਵਿੱਚ ਆਏ ਕਿਸਾਨ ਆਗੂ, ਕੀਤੇ ਵੱਡੇ ਐਲਾਨ