ਸੰਗਰੂਰ : ਮੂਨਕ ਵਿਖੇ ਸਿਹਤ ਜਥੇਬੰਦੀਆਂ ਅਤੇ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਨੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਹ ਰੋਸ ਪ੍ਰਦਰਸ਼ਨ ਲੁਧਿਆਣਾ ਦੇ ਮਲੌਦ ਬਲਾਕ ਅਧੀਨ ਪੈਂਦੇ ਪਿੰਡ ਖਾਨਪੁਰ ਵਿਖੇ ਇੱਕ ਡੇਰੇ 'ਚ ਕੋਰੋਨਾ ਪੀੜਤ ਸ਼ੱਕੀ ਮਰੀਜ਼ ਦਾ ਸੈਂਪਲ ਲੈਣ ਲਈ ਗਏ ਮਲਟੀਪਰਪਜ਼ ਹੈਲਥ ਵਰਕਰ ਨਾਲ ਕੁੱਟਮਾਰ ਕੀਤੇ ਜਾਣ ਨੂੰ ਲੈ ਕੇ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਇਸ ਰੋਸ ਪ੍ਰਦਰਸ਼ਨ ਵਿੱਚ ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ-ਫੀਮੇਲ ਯੂਨੀਅਨ, ਪੈਰਾ ਮੈਡੀਕਲ ਸਣੇ ਸਿਹਤ ਵਰਕਰਸ ਦੀ ਜਥੇਬੰਦੀਆਂ ਨੇ ਹਿੱਸਾ ਲਿਆ। ਉਨ੍ਹਾਂ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ।
ਇਸ ਬਾਰੇ ਦੱਸਦੇ ਹੋਏ ਪ੍ਰਦਰਸ਼ਨਕਾਰੀ ਆਗੂਆਂ ਨੇ ਸੁਖਦੇਵ ਸਿੰਘ ਤੇ ਸਤੀਸ਼ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਧਿਆਣਾ ਦੇ ਮਲੌਦ ਬਲਾਕ ਅਧੀਨ ਪੈਂਦੇ ਪਿੰਡ ਖਾਨਪੁਰ ਵਿਖੇ ਇੱਕ ਡੇਰੇ 'ਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਬਾਰੇ ਸੂਚਨਾ ਮਿਲੀ ਸੀ। ਸੂਚਨਾ ਮੁਤਾਬਕ ਮਲਟੀਪਰਪਜ਼ ਹੈਲਥ ਵਰਕਰ ਦੀ ਟੀਮ ਸ਼ੱਕੀ ਮਰੀਜ਼ ਦੀ ਜਾਂਚ ਲਈ ਪੁੱਜੀ। ਇਥੇ ਡੇਰੇ 'ਚ ਮੌਜੂਦ ਲੋਕਾਂ ਨੇ ਹੈਲਥ ਵਰਕਰ ਮਸਤਾਨ ਸਿੰਘ ਨੂੰ ਘੇਰ ਕੇ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਨਾਲ ਬਦਸਲੂਕੀ ਕੀਤੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਵਰਕਰ ਦੀ ਪੱਗ ਲਾਹ ਦਿੱਤੀ ਤੇ ਉਸ ਦੀ ਦਾੜੀ ਵੀ ਪੱਟੀ, ਜੋ ਕਿ ਨਿੰਦਣਯੋਗ ਹੈ।
ਪ੍ਰਦਰਸ਼ਨ ਕਰ ਰਹੇ ਸਿਹਤ ਮੁਲਾਜ਼ਮਾਂ ਨੇ ਕਿਹਾ ਕਿ ਕੋਰੋਨਾਂ ਮਹਾਂਮਾਰੀ ਦੇ ਦੌਰਾਨ ਵੀ ਉਹ ਲੋਕ ਸੇਵਾ ਦਾ ਕੰਮ ਕਰ ਰਹੇ ਹਨ, ਪਰ ਉਨ੍ਹਾਂ ਅਜਿਹਾ ਵਿਵਹਾਰ ਮਨੁੱਖਤਾ ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਪੰਜਾਬ ਸਰਕਾਰ ਇਸ ਮਾਮਲੇ 'ਚ ਆਪਣਾ ਦਖ਼ਲ ਦੇ ਕੇ ਉਕਤ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਵਾਏ।