ਸੰਗਰੂਰ: ਖੇਤ ਵਿੱਚੋਂ ਮਿੱਟੀ ਚੁੱਕ ਕੇ ਕਲੋਨੀ ਵਿਚ ਪਾਉਣ ਸਬੰਧੀ ਮਾਈਨਿੰਗ ਵਿਭਾਗ ਵੱਲੋਂ ਰੋਕਣ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਮਾਈਨਿੰਗ ਵਿਭਾਗ ਦੇ ਜੇਈਈ ਅਤੇ ਹੋਰ ਅਮਲੇ ਨੂੰ ਦਫਤਰ ਵਿਚ ਹੀ ਬੰਦੀ ਬਣਾ ਲਿਆ ਅਤੇ ਰੇਤੇ ਦੀਆਂ ਭਰੀਆਂ ਟਰਾਲੀਆਂ ਦਫ਼ਤਰ ਅੱਗੇ ਲਿਆ ਖੜ੍ਹੀਆਂ ਕੀਤੀਆਂ।
ਇਸ ਬਾਰੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਹਨ ਕਿ ਜੇਕਰ ਕਿਸਾਨ ਆਪਣੇ ਖੇਤਾਂ ਵਿੱਚੋਂ ਮਿੱਟੀ ਚੁੱਕਦੇ ਹਨ ਤਾਂ ਕੋਈ ਪਰਚਾ ਨਹੀਂ ਹੋਵੇਗਾ। ਪਰ ਹੁਣ ਸਾਫ਼ ਪਤਾ ਚਲਦਾ ਹੈ ਕਿ ਇਸ ਸਰਕਾਰ ਨਾਲੋਂ ਤਾਂ ਅਕਾਲੀ ਅਤੇ ਕਾਂਗਰਸ ਸਰਕਾਰ ਵਧੀਆ ਸੀ, ਕਿਉਂਕਿ ਇਸ ਸਰਕਾਰ ਦੀ ਕਹਿਣੀ ਅਤੇ ਕਰਨੀ ਵਿਚ ਦਿਨ ਰਾਤ ਦਾ ਅੰਤਰ ਹੈ। ਇਹ ਸਰਕਾਰ ਸਾਨੂੰ ਆਪਣੇ ਖੇਤਾਂ ਵਿੱਚੋਂ ਮਿੱਟੀ ਪੁੱਟਣ ਤੋਂ ਹੀ ਰੋਕ ਰਹੀ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ, ਜੇਕਰ ਸਰਕਾਰ ਨਾ ਰੁਕੀ ਤਾਂ ਅਸੀਂ ਲੜਨ ਲਈ ਵੀ ਤਿਆਰ ਹਾਂ।
ਆਗੂਆਂ ਨੇ ਅੱਗੇ ਕਿਹਾ ਕਿ ਉਹ ਆਪਣੇ ਖੇਤ ਵਿੱਚੋਂ ਮਿੱਟੀ ਚੁੱਕ ਕੇ ਇੱਕ ਕਲੋਨੀ ਵਿੱਚ ਭਰਤ ਪਾ ਰਹੇ ਹਨ। ਉਨ੍ਹਾਂ ਨੂੰ ਮਹਿਕਮੇ ਦੇ ਜੇਈ ਵਾਰ-ਵਾਰ ਤੰਗ ਕਰਦੇ ਹਨ ਅਤੇ ਰੋਕ ਲੈਂਦੇ ਹਨ। ਜਦਕਿ ਸ਼ਹਿਰ ਵਿੱਚ ਹੋਰ ਕਈ ਥਾਵਾਂ ’ਤੇ ਮਿੱਟੀ ਪਾਈ ਜਾ ਰਹੀ ਹੈ। ਉਨ੍ਹਾਂ ਨੂੰ ਨਹੀਂ ਰੋਕਿਆ ਜਾ ਰਿਹਾ,ਇਸ ਲਈ ਸਪੱਸ਼ਟ ਹੈ ਕਿ ਇਹ ਸਾਥੋਂ ਰਿਸ਼ਵਤ ਭਾਲਦੇ ਹਨ ਜੋ ਉਹ ਨਹੀਂ ਦਿੰਦੇ।
ਇਸ ਸਮੇਂ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਖੇਤ ਵਿੱਚੋਂ ਮਿੱਟੀ ਪੁੱਟਣ ਸਬੰਧੀ ਤੰਗ ਕੀਤਾ ਗਿਆ ਤਾਂ ਦਫ਼ਤਰ ਦਾ ਅਣਮਿੱਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ। ਜੇਕਰ ਫੇਰ ਵੀ ਨਾ ਰੁਕੇ ਤਾਂ ਲਹਿਰਾ ਸਥਿਤ ਐਮਐਲਏ ਦੇ ਦਫਤਰ ਦਾ ਵੀ ਘਿਰਾਓ ਕੀਤਾ ਜਾਵੇਗਾ। ਸ਼ਾਮ ਪੰਜ ਵਜੇ ਤੋਂ ਬਾਅਦ ਵੀ ਖ਼ਬਰ ਲਿਖੇ ਜਾਣ ਤੱਕ ਆਫਰ ਬੰਦੀ ਬਣਾਏ ਹੋਏ ਸਨ ਅਤੇ ਪੁਲਸ ਬਲ ਵੀ ਪਹੁੰਚ ਚੁੱਕਿਆ ਸੀ।
ਦੂਜੇ ਪਾਸੇ ਮਾਇੰਨਗ ਵਿਭਾਗ ਨਾਲ ਸਬੰਧਤ ਜੇਈ ਦੀਪਕ ਜਿੰਦਲ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਮੌਕੇ ਉੱਤੇ ਪਹੁੰਚੇ ਸੀ। ਉਨ੍ਹਾਂ ਨੂੰ ਸ਼ਿਕਾਇਤਕਰਤਾ ਨੇ ਕਿਹਾ ਸੀ ਕਿ ਮਾਈਨਿੰਗ ਹੋ ਰਹੀ ਹੈ। ਜਿਸ ਸਬੰਧੀ ਉਹ ਪੜਤਾਲ ਕਰਨ ਲਈ ਗਏ ਸੀ। ਉਨ੍ਹਾਂ ਵੱਲੋਂ ਇਨ੍ਹਾਂ ਨੂੰ ਕਿਹਾ ਗਿਆ ਸੀ ਕਿ ਜੇਕਰ ਮਾਈਨਿੰਗ ਕਰਨੀ ਹੈ ਤਾਂ ਮਨਜ਼ੂਰੀ ਲੈ ਲਈ ਜਾਵੇ। ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿਸਾਨਾਂ ਦੇ ਕਹਿਣ ਅਨੁਸਾਰ ਸ਼ਹਿਰ ਵਿੱਚ ਹੋਰ ਵੀ ਕਈ ਥਾਵਾਂ ਤੇ ਵੀ ਭਰਤ ਪੈ ਰਹੀ ਹੈ ਸਿਰਫ਼ ਇਨ੍ਹਾਂ ਨੂੰ ਕਿਉਂ ਰੋਕਦੇ ਹੋ, ਤਾਂ ਉਕਤ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਦੀ ਸ਼ਿਕਾਇਤ ਆਈ ਹੈ ਜੇਕਰ ਹੋਰ ਵੀ ਸਾਡੇ ਧਿਆਨ ਵਿਚ ਆਇਆ ਤਾਂ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: ਮਹਿਲਾ ਪੁਲਿਸ ਮੁਲਾਜ਼ਮ ਦਾ ਹੋਇਆ ਤਬਾਦਲਾ, ਪਾਰਕ 'ਚ ਕੁੜੀ ਨਾਲ ਕੀਤੀ ਸੀ ਕੁੱਟਮਾਰ