ਸੰਗਰੂਰ : 'ਆਪ' ਪਾਰਟੀ ਦੇ ਲੋਕਸਭਾ ਉਮੀਦਵਾਰ ਭਗਵੰਤ ਮਾਨ ਪਾਰਟੀ ਦੇ ਉਪ ਪ੍ਰਧਾਨ ਅਮਨ ਅਰੋੜਾ ਦੇ ਘਰ ਚੋਣ ਸਬੰਧੀ ਮੀਟਿੰਗ ਕਰਨ ਪੁੱਜੇ। ਇਥੇ ਉਨ੍ਹਾਂ ਨੇ ਵਿਰੋਧੀ ਧਿਰ ਉੱਤੇ 'ਆਪ' ਪਾਰਟੀ ਨੂੰ ਤੋੜਨ ਅਤੇ ਵਰਕਰਾਂ ਨੂੰ ਲਾਲਚ ਦੇ ਕੇ ਖ਼ਰੀਦੇ ਜਾਣ ਦਾ ਦੋਸ਼ ਲਗਾਇਆ।
ਭਗਵੰਤ ਮਾਨ ਇਥੇ ਵਿਸ਼ੇਸ਼ ਤੌਰ 'ਆਪ' ਪਾਰਟੀ ਦੇ ਵਰਕਰਾਂ ਨਾਲ ਚੋਣ ਸਬੰਧੀ ਮੀਟਿੰਗ ਲਈ ਪੁੱਜੇ। ਉਨ੍ਹਾਂ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਵੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਮੀਟਿੰਗ ਵਿਸ਼ੇਸ਼ ਤੌਰ ਤੇ ਪਾਰਟੀ ਵਰਕਰਾਂ ਨਾਲ ਇਸ ਲਈ ਕੀਤੀ ਗਈ ਹੈ ਤਾਂ ਜੋ ਵਰਕਰਾਂ ਵਿਚਾਲੇ ਕਿਸੇ ਵੀ ਤਰ੍ਹਾਂ ਦੇ ਮਨ-ਮੁਟਾਵ ਅਤੇ ਨਾਰਾਜ਼ਗੀ ਦੂਰ ਕੀਤੀ ਜਾ ਸਕੇ।
ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਦੋਂ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਵਾਰਾਂ ਨੂੰ ਲੋਕਾਂ ਨੇ ਆਪਣੇ ਪਿੰਡ ਅਤੇ ਇਲਾਕਿਆਂ ਚੋਂ ਬਾਹਰ ਕਰ ਦਿੱਤਾ ਤਾਂ ਉਨ੍ਹਾਂ ਨੇ 'ਆਪ' ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਮੁੱਖ ਮੰਤਰੀ ਉੱਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਕੈਪਟਨ ਆਪਣੀ ਪਾਰਟੀ ਦੇ ਵੀ ਸਗੇ ਨਹੀਂ ਹਨ। ਉਹ 'ਆਪ' ਨੂੰ ਇਸ ਲਈ ਤੋੜਨਾ ਚਾਹੁੰਦੇ ਹਨ ਤਾਂ ਜੋ ਅਗਲੇ ਢਾਈ ਸਾਲਾਂ ਤੱਕ ਸਿਰਫ਼ ਅਕਾਲੀ ਦਲ ਹੀ ਉਨ੍ਹਾਂ ਦਾ ਵਿਰੋਧੀ ਧਿਰ ਬਣ ਕੇ ਰਹਿ ਸਕੇ ਅਤੇ ਬਾਅਦ ਵਿੱਚ ਉਹ ਅਕਾਲੀ ਦਲ ਨਾਲ ਮਿਲ ਕੇ ਸਰਕਾਰ ਬਣਾ ਸਕਣ। ਇਸ ਤੋਂ ਇਲਾਵਾ ਉਨ੍ਹਾਂ ਕਾਂਗਰਸ ਅਤੇ ਅਕਾਲੀ ਦਲ ਉੱਤੇ ਪੈਸਿਆਂ ਦੇ ਜ਼ੋਰ 'ਤੇ 'ਆਪ' ਦੇ ਵਰਕਰਾਂ ਨੂੰ ਖ਼ਰੀਦੇ ਜਾਣ ਦੀ ਗੱਲ ਕਹੀ। ਉਨ੍ਹਾਂ ਕਿਹਾ ਇਸ ਦਾ ਜਵਾਬ ਜਨਤਾ ਚੋਣਾਂ ਦੌਰਾਨ ਦਵੇਗੀ।