ਸੰਗਰੂਰ : ਜ਼ਿੰਦਗੀ 'ਚ ਕੁੱਝ ਕਰ ਵਿਖਾਉਣ ਦਾ ਜਜ਼ਬਾ ਰੱਖਣ ਵਾਲੇ ਲੋਕਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ। ਅਜਿਹਾ ਹੀ ਧੂਰੀ 'ਚ ਵੇਖਣ ਨੂੰ ਮਿਲਿਆ ਹੈ। ਧੂਰੀ ਦੀ ਰੁਪਿੰਦਰ ਕੌਰ ਨੇ ਆਪਣੀ ਮਿਹਨਤ ਅਤੇ ਜਜ਼ਬੇ ਸਦਕਾ ਸਿਵਲ ਸਰਵਿਸ ਕਮਿਸ਼ਨ ਪ੍ਰਿਖਿਆ 'ਚ 620 ਵਾਂ ਰੈਂਕ ਹਾਸਲ ਕੀਤਾ ਹੈ ਤੇ ਹੁਣ ਉਹ ਆਈਏਐਸ ਬਣ ਚੁੱਕੀ ਹੈ।
ਰੁਪਿੰਦਰ ਦੇ ਆਈਏਐਸ ਬਣਨ ਉੱਤੇ ਉਸ ਦੇ ਪਰਿਵਾਰ ਅਤੇ ਇਲਾਕੇ 'ਚ ਖੁਸ਼ੀ ਦੀ ਲਹਿਰ ਦੌੜ ਗਈ। ਰੁਪਿੰਦਰ ਦੀ ਮਾਤਾ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ। ਉਹ ਚਾਹੁੰਦੇ ਹਨ ਕਿ ਹਰ ਪਰਿਵਾਰ ਦੇ ਬੱਚਿਆਂ ਨੂੰ ਤਰੱਕੀ ਮਿਲੇ ਤੇ ਉਹ ਆਪਣੇ ਪਰਿਵਾਰ, ਇਲਾਕੇ ਅਤੇ ਸੂਬੇ ਦਾ ਨਾਂਅ ਰੌਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰੁਪਿੰਦਰ 'ਤੇ ਮਾਣ ਹੈ। ਉੱਥੇ ਹੀ ਦੂਜੇ ਪਾਸੇ ਰੁਪਿੰਦਰ ਦੇ ਪਿਤਾ ਨੇ ਉਸ ਦੀ ਇਸ ਸਫਲਤਾ ਲਈ ਰੱਬ ਦਾ ਸ਼ੁਕਰਾਨਾ ਕੀਤਾ ਅਤੇ ਇਸ ਮੁਕਾਮ ਨੂੰ ਰੁਪਿੰਦਰ ਦੀ ਅਣਥਕ ਮਿਹਨਤ ਦਾ ਫਲ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਧੀਆਂ ਨੂੰ ਵੀ ਪੁੱਤਰਾਂ ਦੇ ਬਰਾਬਰ ਸਮਝਣਾ ਚਾਹੀਦਾ ਹੈ ਤੇ ਉੱਚ ਸਿੱਖਿਆ ਹਾਸਲ ਕਰਨ ਲਈ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਰੁਪਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਨੂੰ ਉਸ ਉੱਤੇ ਵਿਸ਼ਵਾਸ ਸੀ। ਆਈਏਐਸ ਅਫਸਰ ਬਣਨਾ ਉਸ ਦਾ ਸੁਪਨਾ ਸੀ। ਇਸ ਦੇ ਲਈ ਉਹ ਪਿਛਲੇ ਲੰਬੇ ਸਮੇਂ ਤੋਂ ਤਿਆਰੀ ਕਰ ਰਹੀ ਸੀ। ਰੁਪਿੰਦਰ ਨੇ ਦੱਸਿਆ ਕਿ ਉਸ ਨੇ ਆਪਣੀ ਮੁਢਲੀ ਸਿੱਖਿਆ ਇਲਾਕੇ ਦੇ ਸਰਕਾਰੀ ਸਕੂਲ ਤੋਂ ਪੂਰੀ ਕੀਤੀ। ਉਸ ਤੋਂ ਬਾਅਦ ਗ੍ਰੈਜੂਏਸ਼ਨ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਆਈ.ਟੀ.ਆਈ ਰੋਪੜ ਤੋਂ ਪੂਰੀ ਕੀਤੀ। ਆਈਏਐਸ ਤੋਂ ਪਹਿਲਾਂ ਰੁਪਿੰਦਰ ਨੇ ਬਿਜਲੀ ਵਿਭਾਗ 'ਚ ਬਤੌਰ ਐਸਡੀਓ ਕੰਮ ਕੀਤਾ। ਉਨ੍ਹਾਂ ਨੇ ਇਨ੍ਹਾਂ ਪ੍ਰੀਖਿਆਵਾਂ ਲਈ ਪੂਰੀ ਮਿਹਨਤ ਕੀਤੀ। ਰੁਪਿੰਦਰ ਨੇ ਕਿਹਾ ਕਿ ਉਸ ਨੂੰ ਪਰਿਵਾਰ ਦਾ ਭਰਪੂਰ ਸਹਿਯੋਗ ਮਿਲਿਆ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਮਿਹਨਤ ਕਰੀਏ ਤਾਂ ਅਸੀਂ ਆਪਣੇ ਹਰ ਸੁਪਨੇ ਨੂੰ ਪੂਰਾ ਕਰ ਸਕਦੇ ਹਾਂ।