ਸੰਗਰੂਰ : ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਈਦ ਅਲ-ਅੱਧਾ ਯਾਨੀ ਕਿ ਬਕਰੀਦ ਦਾ ਤਿਉਹਾਰ ਬੇਹਦ ਖ਼ਾਸ ਹੁੰਦਾ ਹੈ। ਇਸ ਵਾਰ ਬਕਰੀਦ ਦਾ ਤਿਉਹਾਰ 31 ਜੁਲਾਈ ਨੂੰ ਮਨਾਇਆ ਜਾਵੇਗਾ।
ਬਕਰੀਦ 'ਤੇ ਮੁਸਲਿਮ ਭਾਈਚਾਰੇ ਦੇ ਲੋਕ ਕੁਰਬਾਨੀ ਲਈ ਆਪਣੀ ਸਮਰੱਥਾ ਮੁਤਾਬਕ ਹੀ ਬੱਕਰਾ ਖਰੀਦਦੇ ਹਨ। ਕੁਰਬਾਨੀ ਲਈ ਬੱਕਰਿਆਂ ਦੀ ਖ਼ਰੀਦਦਾਰੀ ਸ਼ੁਰੂ ਹੋ ਗਈ ਹੈ। ਇਸ ਮੌਕੇ ਮਲੇਰਕੋਟਲਾ ਦੇ ਨੇੜਲੇ ਪਿੰਡ ਕੰਗਣਵਾਲ ਵਿਖੇ ਇੱਕ ਵਿਅਕਤੀ ਕੋਲ ਸ਼ੇਰ ਖਾਨ ਨਾਂਅ ਦਾ ਬਕਰਾ ਹੈ। ਬਕਰੀਦ ਲਈ ਇਸ ਬੱਕਰੇ ਦੀ ਕੀਮਤ 5 ਲੱਖ ਰੁਪਏ ਲੱਗੀ ਹੈ।
ਸ਼ੇਰ ਖਾਨ ਨਾਂਅ ਦੇ ਇਸ ਬੱਕਰੇ ਦੇ ਮਾਲਕ ਨੇ ਦੱਸਿਆ ਕਿ ਇਹ ਬੱਕਰਾ ਬੇਹਦ ਖ਼ਾਸ ਹੈ। ਇਸ ਲਈ ਇਸ ਦੀ ਕੀਮਤ 5 ਲੱਖ ਰੁਪਏ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ੇਰ ਖਾਨ ਬੱਕਰਾ ਕੁਰਬਾਨੀ ਲਈ ਬੇਹਦ ਖ਼ਾਸ ਹੈ। ਕਿਉਂਕਿ ਇਸ ਬੱਕਰੇ ਦੇ ਸਰੀਰ 'ਤੇ ਅਰਬੀ ਭਾਸ਼ਾ ਦੇ ਲਫਜ਼ਾਂ 'ਚ "ਅੱਲ੍ਹਾ" ਲਿੱਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁਸਲਿਮ ਧਰਮ 'ਚ "ਅੱਲ੍ਹਾ" ਬੇਹਦ ਮਹੱਤਵ ਰੱਖਦਾ ਹੈ, ਇਸ ਨੂੰ ਰੱਬ ਦਾ ਨਾਂਅ ਮੰਨਿਆ ਜਾਂਦਾ ਹੈ।
ਬੱਕਰੇ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਬੱਕਰੇ ਨੂੰ ਪੂਰੇ ਦਿੱਲ ਤੇ ਮਿਹਨਤ ਨਾਲ ਪਾਲਿਆ ਹੈ। ਉਹ ਇਸ ਨੂੰ ਬਾਦਾਮ ਦੁੱਧ ਤੋਂ ਇਲਾਵਾ ਹੋਰਨਾਂ ਕਈ ਚੀਜ਼ਾਂ ਦੀ ਚੰਗੀ ਖ਼ੁਰਾਕ ਵਜੋਂ ਦਿੰਦੇ ਹਨ। ਇਸ ਬੱਕਰੇ ਨੂੰ ਵੇਖਣ ਲਈ ਦੂਰ-ਦੂਰ ਤੋਂ ਲੋਕ ਆਉਂਦੇ ਹਨ। ਬੱਕਰੇ ਦੇ ਮਾਲਕ ਨੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਇਹ ਬੱਕਰਾ ਬੇਹਦ ਪਵਿੱਤਰ ਹੈ ਅਤੇ ਇਸ ਉੱਤੇ ਕੁਦਰਤੀ ਤੌਰ 'ਤੇ "ਅੱਲ੍ਹਾ " ਲਿੱਖਿਆ ਹੋਇਆ ਹੈ।