ਸੰਗਰੂਰ: ਸੁਨਾਮ ਵਿਖੇ ਇੱਕ ਭਿਆਨਕ ਹਾਦਸਾ ਵਾਪਰਣ ਦੀ ਖ਼ਬਰ ਸਾਹਮਣੇ ਆਈ ਹੈ। ਬੀਤੇ ਦੋ ਦਿਨਾਂ ਤੋਂ ਲਗਾਤਾਰ ਪੈ ਰਿਹਾ ਮੀਂਹ ਇੱਕ ਪਰਿਵਾਰ ਲਈ ਕਹਿਰ ਬਣ ਗਿਆ। ਮੀਂਹ ਪੈਣ ਕਾਰਨ ਇਥੇ ਇੱਕ ਘਰ ਦੀ ਛੱਤ ਡਿੱਗਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ।
ਇਸ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਗੁਆਂਢੀਆਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਹੀ ਗੜੇਮਾਰੀ ਦੇ ਕਾਰਨ ਪੀੜਤ ਪਰਿਵਾਰ ਦਾ ਮਕਾਨ ਢਹਿ ਗਿਆ ਸੀ ਤੇ ਮਕਾਨ 'ਚ ਮਹਿਜ ਇੱਕ ਕਮਰਾ ਸੀ। ਮਕਾਨ ਦੀ ਛੱਤ ਕਮਜ਼ੋਰ ਹੋਣ ਦੇ ਚਲਦੇ ਇਹ ਹਾਦਸਾ ਵਾਪਰਿਆ। ਮਕਾਨ ਵਿੱਚ ਇੱਕ ਹੀ ਕਮਰਾ ਹੋਣ ਦੇ ਚੱਲਦੇ ਚਾਰ ਲੋਕ ਇੱਕ ਕਮਰੇ ਵਿੱਚ ਸੌ ਰਹੇ ਸਨ ਅਤੇ ਤਿੰਨ ਲੋਕ ਛੱਤ ਦੇ ਉੱਤੇ ਟੈਂਟ ਲਗਾ ਕੇ ਸੋ ਰਹੇ ਸਨ। ਉਨ੍ਹਾਂ ਦੱਸਿਆ ਕਿ ਛੱਤ ਡਿੱਗਦੇ ਹੀ ਦੀਪਕ, ਉਸ ਦੀ ਪਤਨੀ ਤੇ ਦੋਹਾਂ ਬੱਚਿਆਂ ਦੀ ਮੌਕੇ ਉੱਤੇ ਮੌਤ ਹੋ ਗਈ। ਜਦਕਿ ਉਸ ਦੇ ਮਾਂ-ਪਿਉ ਤੇ ਭੈਂਣ ਟੈਂਟ ਲਗਾ ਕੇ ਛੱਤ ਉੱਤੇ ਸੌ ਰਹੇ ਸਨ। ਉਹ ਵੀ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ ਹਨ। ਉਨ੍ਹਾਂ ਨੂੰ ਜ਼ੇਰੇ ਇਲਾਜ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ ਉੱਤੇ ਪੁੱਜ ਕੇ ਜਾਇਜ਼ਾ ਲਿਆ। ਇਸ ਬਾਰੇ ਦੱਸਦੇ ਹੋਏ ਪੁਲਿਸ ਅਧਿਕਾਰੀ ਦੱਸਿਆ ਕਿ ਮਕਾਨ ਕੱਚਾ ਹੋਣ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਵਿੱਚ ਦੋ ਬੱਚਿਆਂ ਸਣੇ ਚਾਰ ਲੋਕਾਂ ਦੀ ਮੌਤ ਹੋਈ ਹੈ ਤੇ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ ਹਨ।