ਪਟਿਆਲਾ: ਪੰਜਾਬ ਵਿਜੀਲੈਂਸ ਬਿਊਰੋ ਨੇ ਸਿਟੀ ਥਾਣਾ ਸਮਾਣਾ ਵਿਖੇ ਤਾਇਨਾਤ ਐਸ.ਆਈ. ਕਰਨਵੀਰ ਸਿੰਘ, ਹੌਲਦਾਰ ਮੱਖਣ ਸਿੰਘ ਅਤੇ ਹੋਮ ਗਾਰਡ ਜਵਾਨ ਵਿਰਸਾ ਸਿੰਘ ਨੂੰ 13,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸੇ ਕੇਸ ਵਿੱਚ ਦੋ ਹੋਰ ਪੁਲਿਸ ਮੁਲਾਜ਼ਮਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਵਿਜੀਲੈਂਸ ਬਿਓਰੋ ਦੇ ਅਧਿਕਾਰੀ ਨੇ ਕਿਹਾ ਕਿ ਉਕਤ ਪੁਲਿਸ ਕਰਚਮਾਰੀਆਂ ਨੂੰ ਸ਼ਿਕਾਇਤਕਰਤਾ ਵਿਨੋਦ ਕੁਮਾਰ ਵਾਸੀ ਪਾਤੜਾਂ ਜ਼ਿਲ੍ਹਾ ਪਟਿਆਲਾ ਦੀ ਸ਼ਿਕਾਇਤ 'ਤੇ ਕਾਬੂ ਕੀਤਾ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਇੱਕ ਪੁਲਿਸ ਕੇਸ ਵਿੱਚ ਉਸ ਦੇ ਭਤੀਜੇ ਦੀ ਮਦਦ ਕਰਨ ਬਦਲੇ ਉਕਤ ਪੁਲਿਸ ਕਰਚਮਾਰੀਆਂ ਵਲੋਂ ਉਸ ਤੋਂ 25,000 ਰੁਪਏ ਦੀ ਮੰਗ ਕੀਤੀ ਹੈ ।
ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਮੁਲਜ਼ਮ ਐਸ.ਆਈ., ਹੌਲਦਾਰ ਅਤੇ ਹੋਮ ਗਾਰਡ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ 13,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਕਾਬੂ ਕਰ ਲਿਆ। ਰਿਸ਼ਵਤਖ਼ੋਰੀ ਦੇ ਇਸ ਕੇਸ ਵਿੱਚ ਉਨ੍ਹਾ ਸਮੇਤ ਪੰਜ ਪੁਲਿਸ ਕਰਮਚਾਰੀਆਂ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਪਟਿਆਲਾ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।