ਚੰਡੀਗੜ੍ਹ: ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ‘ਤੇ ਦਿੱਤੇ ਵਿਵਾਦਤ ਬਿਆਨਾਂ ਦਾ ਮਾਮਲਾ ਭਖ ਗਿਆ ਹੈ। ਇਸ ਮਾਮਲੇ ਵਿੱਚ ਮੁੱਖ ਮੰਤਰੀ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਬਿਆਨਾਂ ਦੀ ਨਿਖੇਧੀ ਕਰਨ ‘ਤੇ ਸਿੱਧੂ ਨੇ ਆਪਣੇ ਦੋਵੇਂ ਸਲਾਹਕਾਰ ਡਾਕਟਰ ਪਿਆਰੇ ਲਾਲ ਗਰਗ ਤੇ ਮਾਲਵਿੰਦਰ ਸਿੰਘ ਮੱਲ੍ਹੀ ਨੂੰ ਪਟਿਆਲਾ ਸਥਿਤ ਰਿਹਾਇਸ਼ ‘ਤੇ ਤਲਬ ਕਰ ਲਿਆ ਹੈ। ਉਥੇ ਦੋਵਾਂ ਨਾਲ ਮੀਟਿੰਗ ਜਾਰੀ ਹੈ। ਹੁਣ ਛੇਤੀ ਹੀ ਸਾਹਮਣੇ ਆ ਜਾਏਗਾ ਕਿ ਸਿੱਧੂ ਦੋਵਾਂ ਨੂੰ ਨੱਥ ਪਾਉਣ ਵਿੱਚ ਕਾਮਯਾਬ ਹੁੰਦੇ ਹਨ ਜਾਂ ਫੇਰ ਉਨ੍ਹਾਂ ਦੀ ਸੁਰ ‘ਚ ਸੁਰ ਮਿਲਾਉਂਦੇ ਹਨ।
ਕੈਪਟਨ ਨੇ ਕੀਤੀ ਸੀ ਤਾੜਨਾ
ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਇੱਕ ਬਿਆਨ ‘ਤੇ ਮੱਲ੍ਹੀ ਤੇ ਗਰਗ ਨੇ ਪਾਕਿਸਤਾਨ ਤੇ ਕਸ਼ਮੀਰ ਮੁੱਦੇ ਬਾਰੇ ਵਿਵਾਦਤ ਬਿਆਨ ਦੇ ਦਿੱਤਾ ਸੀ, ਜਿਸ ‘ਤੇ ਮੁੱਖ ਮੰਤਰੀ ਨੇ ਬੀਤੇ ਦਿਨ ਹੀ ਦੋਵਾਂ ਨੂੰ ਤਾੜਨਾ ਕਰਦਿਆਂ ਸੰਵੇਦੀ ਮੁੱਦਿਆਂ ‘ਤੇ ਜਾਣਕਾਰੀ ਨਾ ਹੋਣ ਦੇ ਚਲਦਿਆਂ ਬਿਆਨ ਦੇਣ ਤੋਂ ਬਾਜ ਆਉਣ ਲਈ ਕਿਹਾ ਸੀ ਤੇ ਨਾਲ ਹੀ ਸਿੱਧੂ ਨੂੰ ਤਾਕੀਦ ਕੀਤੀ ਸੀ ਕਿ ਉਹ ਆਪਣੇ ਸਲਾਹਕਾਰਾਂ ਨੂੰ ਸਮਝਾਉਣ ਤਾਂ ਜੋ ਭਾਰਤ ਦੀ ਸੁਰੱਖਿਆ ਨੂੰ ਢਾਹ ਨਾ ਲੱਗੇ।
ਤਿਵਾੜੀ ਨੇ ਕਿਹਾ ‘ਦੇਸ਼ ‘ਚ ਰਹਿਣ ਲਾਇਕ ਨਹੀਂ ਦੋਵੇਂ‘
ਇਸ ਉਪਰੰਤ ਮਨੀਸ਼ ਤਿਵਾੜੀ ਨੇ ਇੱਕ ਟਵੀਟ ਕਰਕੇ ਜਿੱਥੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਦਖ਼ਲ ਦੇ ਕੇ ਸਿੱਧੂ ਦੇ ਸਲਾਹਕਾਰਾਂ ਨੂੰ ਸਮਝਾਉਣ ਲਈ ਕਿਹਾ ਸੀ, ਉਥੇ ਇਹ ਵੀ ਕਿਹਾ ਸੀ ਕਿ ਦੋਵੇਂ ਸਲਾਹਕਾਰ ਕਾਂਗਰਸ ‘ਚ ਦੂਰ ਦੀ ਗੱਲ, ਭਾਰਤ ਵਿੱਚ ਰਹਿਣ ਲਾਇਕ ਨਹੀਂ ਹਨ। ਉਨ੍ਹਾਂ ਵਿੱਚੋਂ ਇੱਕ ਨੇ ਕਸ਼ਮੀਰ ਤੇ ਪਾਕਿ ਮੁੱਦਿਆਂ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਇੰਦਰਾ ਗਾਂਧੀ ਦਾ ਸਕੈਚ ਦਾ ਵਿਵਾਦ ਵੀ ਛੇੜ ਲਿਆ ਸੀ। ਕੈਪਟਨ ਵੱਲੋਂ ਤਾੜਨਾ ਦੇ ਬਾਵਜੂਦ ਮੱਲ੍ਹੀ ਨੇ ਹੋਰ ਬਿਆਨ ਜਾਰੀ ਕਰਕੇ ਕਹਿ ਦਿੱਤਾ, ‘ਸਹੁੰ ਖਾ ਕੇ ਮੁਕਰ ਗਿਆ, ਹੁਣ ਵਸ ਨਹੀਂ ਰਾਜਿਆ ਤੇਰੇ‘। ਕੈਪਟਨ ਤੇ ਤਿਵਾੜੀ ਦੀ ਤਾਕੀਦਾਂ ਉਪਰੰਤ ਹੀ ਸਿੱਧੂ ਨੇ ਦੋਵੇਂ ਸਲਾਹਕਾਰ ਤਲਬ ਕਰ ਲਏ ਹਨ।
ਇਹ ਵੀ ਪੜੋ: ਕੈਪਟਨ ਦੀ ਨਸੀਹਤ ਤੋਂ ਬਾਅਦ ਵੀ ਨਹੀਂ ਟਲੇ ਸਿੱਧੂ ਦੇ ਸਲਾਹਕਾਰ !