ਪਟਿਆਲਾ: ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਗੁਰਬਤ ਵਿੱਚੋਂ ਕੱਢਣ ਲਈ ਸਾਲਾਨਾ ਗਰਾਂਟ 114 ਕਰੋੜ ਰੁਪਏ ਤੋਂ ਵਧਾ ਕੇ 240 ਕਰੋੜ ਰੁਪਏ ਕਰਨ ਦਾ ਐਲਾਨ ਕਰ ਦਿੱਤਾ (Annual grant extended to 240 crores) ਹੈ ਤੇ ਨਾਲ ਹੀ ਯੂਨੀਵਰਸਿਟੀ ਦਾ 150 ਕਰੋੜ ਰੁਪਏ ਕਰਜ਼ਾ ਵੀ ਪੰਜਾਬ ਸਰਕਾਰ ਨੇ ਆਪਣੇ ਸਿਰ ਲੈ ਲਿਆ ਹੈ। ਹੁਣ ਇਹ ਕਰਜਾ ਸਰਕਾਰ ਅਦਾ ਕਰੇਗੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Finance Minister Manpreet Singh Badal) ਉਚੇਚੇ ਤੌਰ ’ਤੇ ਇਸੇ ਐਲਾਨ ਲਈ ਬੁੱਧਵਾਰ ਨੂੰ ਪੰਜਾਬੀ ਯੂਨੀਵਰਸਿਟੀ ਪੁੱਜੇ।
ਵਿਦਿਅਕ ਅਦਾਰੇ ਵਿੱਤੀ ਸੰਕਟ ’ਚੋਂ ਕੱਢਣ ਦਾ ਐਲਾਨ
ਸੀਐਮ ਚੰਨੀ ਨੇ ਕਿਹਾ ਕਿ ਪੰਜਾਬ ਸਿੱਖਿਆ ਮਾਡਲ ਰਾਹੀਂ ਸਾਰੇ ਸਰਕਾਰੀ ਸਿੱਖਿਆ ਅਦਾਰਿਆਂ ਨੂੰ ਵਿੱਤੀ ਸੰਕਟ ਵਿੱਚੋਂ ਕੱਢਿਆ ਜਾਵੇਗਾ (Govt educationl instutes will be rescued from fiscal condition)। ਇਸ ਦਾ ਵਿਦਿਆਰਥੀਆਂ ਤੇ ਯੂਨੀਵਰਸਿਟੀ ਅਮਲੇ ਵੱਲੋਂ ਸਵਾਗਤ ਕੀਤਾ ਗਿਆ। ਮੁੱਖ ਮੰਤਰੀ ਨੇ ਉਚੇਰੀ ਖੋਜ ਰਾਹੀਂ ਪੰਜਾਬ ਦੇ ਆਵਾਮ ਨੂੰ ਸਮਰੱਥ ਕਰਨ ਲਈ ਦੋ ਨਵੇਂ ਕੇਂਦਰਾਂ ਦਾ ਉਦਘਾਟਨ (New centers inaugurated) ਵੀ ਕੀਤਾ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਪਲੇਠੀ ਫੇਰੀ ਦੌਰਾਨ ਸੀਐਮ ਚੰਨੀ ਨੇ ਪੰਜਾਬ ਦੇ ਸਿੱਖਿਆ ਢਾਂਚੇ ਨੂੰ ਆਮ ਲੋਕਾਂ ਦੀ ਪਹੁੰਚ 'ਚ ਲਿਆਉਣ ਲਈ ਸੂਬੇ 'ਚ 'ਪੰਜਾਬ ਸਿੱਖਿਆ ਮਾਡਲ' ਲਾਗੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਮਾਡਲ ਰਾਹੀਂ ਸੂਬੇ ਦੇ ਸਾਰੇ ਸਰਕਾਰੀ ਸਿੱਖਿਆ ਅਦਾਰਿਆਂ ਨੂੰ ਵਿੱਤੀ ਸੰਕਟ ਵਿਚ ਕੱਢ ਕੇ ਮੁਢਲਾ ਢਾਂਚਾ ਮਜ਼ਬੂਤ ਕੀਤਾ ਜਾਵੇਗਾ।
ਯੂਨੀਵਰਸਿਟੀ ਦਾ ਕਰਜਾ ਸਰਕਾਰ ਉਤਾਰੇਗੀ
ਮੁੱਖ ਮੰਤਰੀ ਨੇ ਇਸ ਮੌਕੇ ਭਾਸ਼ਾ ਦੇ ਨਾਮ ਉਤੇ ਬਣੀ ਵਿਸ਼ਵ ਦੀ ਇਸ ਦੂਜੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ 'ਚੋਂ ਕੱਢਣ ਲਈ ਯੂਨੀਵਰਸਿਟੀ ਸਿਰ ਚੜ੍ਹਿਆ 150 ਕਰੋੜ ਰੁਪਏ ਦਾ ਕਰਜ਼ਾ ਵੀ ਪੰਜਾਬ ਸਰਕਾਰ ਵੱਲੋਂ ਉਤਾਰਨ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਯੂਨੀਵਰਸਿਟੀ ਦੀ ਸਾਲਾਨਾ ਗਰਾਂਟ-ਇਨ-ਏਡ 114 ਕਰੋੜ ਰੁਪਏ ਤੋਂ ਵਧਾ 240 ਕਰੋੜ ਰੁਪਏ ਕਰਨ ਐਲਾਨ ਕੀਤਾ।ਅੱਜ ਇੱਥੇ ਗੁਰੂ ਤੇਗ ਬਹਾਦਰ ਹਾਲ ਵਿਖੇ ਯੂਨੀਵਰਸਿਟੀ ਅਧਿਆਪਕਾਂ, ਕਰਮਚਾਰੀਆਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ 9.50 ਕਰੋੜ ਰੁਪਏ ਮਹੀਨਾ ਗਰਾਂਟ ਦਿੱਤੀ ਜਾਂਦੀ ਸੀ, ਜੋ ਹੁਣ ਵਧਾ ਕੇ 20 ਕਰੋੜ ਰੁਪਏ ਮਹੀਨਾ ਕਰ ਦਿੱਤੀ ਗਈ ਹੈ।
ਪੰਜਾਬ ਸਿੱਖਿਆ ਮਾਡਲ ਤਹਿਤ ਚੁੱਕਿਆ ਕਦਮ
ਉਨ੍ਹਾਂ ਕਿਹਾ ਕਿ ਉਨ੍ਹਾਂ ਇਹ ਐਲਾਨ ਸੂਬੇ 'ਚ ਪੰਜਾਬ ਸਿੱਖਿਆ ਮਾਡਲ ਦੇ ਤਹਿਤ ਸਰਕਾਰੀ ਸਿੱਖਿਆ ਅਦਾਰਿਆਂ ਨੂੰ ਮੁੜ ਤੋਂ ਸਿਰ ਪੈਰ ਕਰਕੇ ਮਜ਼ਬੂਤ ਕਰਨ ਲਈ ਚੁੱਕਿਆ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਗਰੀਬ ਬੱਚਿਆਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਨ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆ ਮੁੱਖ ਮੰਤਰੀ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਅਤੇ ਖਾਸ ਕਰਕੇ ਮੁੱਖ ਮੰਤਰੀਆਂ ਨੇ ਪੰਜਾਬੀ ਯੂਨੀਵਰਸਿਟੀ ਦੀ ਸਾਰ ਨਹੀਂ ਲਈ ਜਿਸ ਕਾਰਨ ਪੰਜਾਬੀ ਮਾਂ ਬੋਲੀ ਦੀ ਅੰਲਬਰਦਾਰ ਯੂਨੀਵਰਸਿਟੀ ਵਿੱਤੀ ਸੰਕਟ 'ਚ ਵਿੱਚ ਬੁਰੀ ਤਰ੍ਹਾਂ ਫਸ ਗਈ ਸੀ।
ਪਹਿਲਾਂ ਵੀ ਯੂਨੀਵਰਸਿਟੀ ਲਈ ਉਪਰਾਲੇ ਕੀਤੇ:ਸੀਐਮ
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਤਕਨੀਕੀ ਸਿੱਖਿਆ ਮੰਤਰੀ ਹੁੰਦਿਆਂ ਵੀ ਹਰ ਪੱਧਰ 'ਤੇ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿਚੋਂ ਕੱਢਣ ਲਈ ਬਹੁਤ ਜ਼ੋਰ ਅਜ਼ਮਾਇਸ਼ ਕੀਤੀ ਸੀ, ਪਰ ਉਸ ਵਕਤ ਮੁੱਖ ਮੰਤਰੀ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਹੁਣ ਜਦੋਂ ਉਹ ਮੁੱਖ ਮੰਤਰੀ ਬਣੇ ਹਨ ਤਾਂ ਉਨ੍ਹਾਂ ਵਲੋਂ ਪੰਜਾਬ ਦੇ ਸਿੱਖਿਆ ਦੇ ਢਾਂਚੇ ਨੂੰ ਮੁੜ ਤੋਂ ਮਜ਼ਬੂਤ ਕਰਨ ਲਈ ਕਈ ਵੱਡੀਆਂ ਪਹਿਲ ਕਦਮੀਆਂ ਕੀਤੀਆਂ ਜਾ ਰਹੀਆਂ ਹਨ। ਉਹ ਖੁਦ ਸਰਕਾਰੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ 'ਚ ਪੜੇ ਹਨ ਇਸ ਲਈ ਉਹ ਸਰਕਾਰੀ ਸਿੱਖਿਆ ਅਦਾਰਿਆਂ ਦੀਆਂ ਹੇਠਲੇ ਪੱਧਰ 'ਤੇ ਸਮੱਸਿਆਵਾਂ ਤੋਂ ਜਾਣੂ ਹਨ, ਜਿਸ ਤਹਿਤ ਹੀ ਪੰਜਾਬੀ ਯੂਨੀਵਰਸਿਟੀ ਦੀ ਪੁਨਰ ਸੁਰਜੀਤੀ ਲਈ ਪੰਜਾਬ ਸਰਕਾਰ ਵੱਲੋਂ ਵਿੱਤੀ ਸਹਾਇਤਾ ਕਰਨ ਲਈ ਵੱਡੇ ਫੈਸਲੇ ਲਏ ਗਏ ਹਨ।
ਮਾਂ ਬੋਲੀ ਲਈ ਸਰਕਾਰ ਦਾ ਸ਼ੁਹਿਰਦ ਉਪਰਾਲਾ
ਮੁੱਖ ਮੰਤਰੀ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਨੂੰ ਪ੍ਰਫੁਲਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸੁਹਿਰਦ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਦੇ ਤਹਿਤ ਹੀ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਸਰਕਾਰੀ ਤੇ ਪ੍ਰਾਈਵੇਟ ਸਿੱਖਿਆ ਨੂੰ ਆਮ ਲੋਕਾਂ ਦੀ ਪਹੁੰਚ 'ਚ ਲਿਆਉਣ ਲਈ ਕਈ ਕ੍ਰਾਂਤੀਕਾਰੀ ਕਦਮ ਚੁੱਕੇ ਜਾ ਰਹੇ ਹਨ।
20 ਸਾਲਾਂ ਤੋਂ ਲਟਕਿਆ ਸੀ ਮਸਲਾ:ਮਨਪ੍ਰੀਤ ਬਾਦਲ
ਇਸ ਮੌਕੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਵਲੋਂ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਸਥਾਪਤ ਕੀਤੇ ਗਏ ਅਦਾਰੇ ਨੂੰ ਬਚਾਉਣ ਲਈ 20 ਸਾਲਾਂ ਤੋਂ ਲਟਕਦੇ ਆ ਰਹੇ ਮਸਲੇ ਨੂੰ ਮੁੱਖ ਮੰਤਰੀ ਚੰਨੀ ਨੇ ਮੁੱਖ ਮੰਤਰੀ ਬਣਨ ਦੇ 2 ਮਹੀਨੇ ਦੇ ਅੰਦਰ ਵੱਡਾ ਫੈਸਲਾ ਲੈ ਕੇ ਇਤਿਹਾਸ ਸਿਰਜਿਆ ਹੈ।ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮੌਜੂਦਗੀ 'ਚ ਪੇਂਡੂ ਕਾਰੋਬਾਰ ਤੇ ਹੁਨਰ ਵਿਕਾਸ ਕੇਂਦਰ ਤੇ ਵਣ-ਤ੍ਰਿਣ-ਜੀਵ-ਜੰਤ ਸੰਤੁਲਨ ਮੁੜ-ਬਹਾਲ ਦਾ ਕੇਂਦਰ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਹ ਕੇਂਦਰ ਪੰਜਾਬ ਦੇ ਮਾਲਵਾ ਖਿੱਤੇ ਵਿੱਚ ਮੁਕਾਮੀ ਕਾਰੋਬਾਰ ਨੂੰ ਸਥਾਪਿਤ ਕਰਨ ਹਿੱਤ ਪੰਜਾਬੀ ਯੂਨੀਵਰਸਿਟੀ ਰੁਜ਼ਗਾਰ ਦੇ ਨਵੇਂ ਉੱਦਮ ਲਈ ਯਤਨਸ਼ੀਲ ਹੈ।
ਇਹ ਵੀ ਪੜ੍ਹੋ:ਰਾਜਾ ਵੜਿੰਗ ਨੂੰ ਇੱਕ ਹੋਰ ਝਟਕੇ ਦੀ ਤਿਆਰੀ 'ਚ ਇਹ ਬੱਸ ਕੰਪਨੀ!