ਪਟਿਆਲਾ: ਭਾਰਤ ਅਤੇ ਪਾਕਿਸਤਾਨ 'ਚ ਬੇਸ਼ੱਕ ਤਨਾਅ ਦੀ ਸਥਿਤੀ ਸ਼ੁਰੂ ਤੋਂ ਹੀ ਰਹਿੰਦੀ ਹੈ।ਪਰ ਇਕ ਭਾਰਤ-ਪਾਕਿ ਜੋੜੇ ਨੇ ਪਿਆਰ ਦਾ ਸੰਦੇਸ਼ ਦਿੱਤਾ ਹੈ। ਜੀ ਹਾਂ ਪਾਕਿਸਤਾਨ ਦੇ ਸਿਆਲਕੋਟ ਦੀ 27 ਸਾਲਾਂ ਕਿਰਨ ਚੀਮਾ ਨੇ ਅੰਬਾਲਾ (ਹਰਿਆਣਾ) ਦੇ ਰਹਿਣ ਵਾਲੇ ਇੱਕ ਸਿੱਖ ਨੌਜਵਾਨ ਪਰਵਿੰਦਰ ਸਿੰਘ ਦੇ ਨਾਲ 9 ਮਾਰਚ ਨੂੰ ਪਟਿਆਲਾ ਦੇ ਗੁਰੂਦੁਆਰਾ ਖੇਲ ਸਾਹਿਬ ਵਿਖੇ ਸਿੱਖ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਵਾਇਆ ਹੈ।
ਦੱਸਣਯੋਗ ਹੈ ਕਿ ਇਹ ਵਿਆਹ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦੋਹਾਂ ਪਰਿਵਾਰਾਂ ਦੇ ਵਿੱਚ ਪੁਰਾਣੀ ਰਿਸ਼ਤੇਦਾਰੀ ਹੋਣ ਕਰ ਕੇ ਸੰਪੂਰਨ ਹੋਇਆ ਹੈ।ਪਾਕਿਸਤਾਨ ਦੀ ਕਿਰਨ ਹੁਣ 45 ਦਿਨ ਦੇ ਵੀਜ਼ਾ ਉਪਰ ਭਾਰਤ ਸਮਝੌਤਾ ਐਕਸਪ੍ਰੈਸ ਰਾਹੀਂ ਭਾਰਤ ਆਪਣੇ ਪਰਿਵਾਰ ਨਾਲ ਆਈ ਹੈ ਅਤੇ ਹੁਣ ਉਹ ਵਿਆਹ ਤੋਂ ਬਾਅਦ ਭਾਰਤ ਦੀ ਪੱਕੀ ਨਾਗਰਿਕਤਾ ਲਈ ਅਪਲਾਈ ਕਰੇਗੀ।
ਪਰਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਇਸ ਫੈਸਲੇ ਦੇ ਨਾਲ ਬਹੁਤ ਖੁਸ਼ ਹੈ।ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਕਦੇ ਨਹੀਂ ਗਏ ਪਰ ਹੁਣ ਉਹ ਆਪਣੇ ਸਹੁਰੇ ਪਾਕਿਸਤਾਨ ਜ਼ਰੂਰ ਜਾਣਗੇ।