ਪਟਿਆਲਾ: ਜ਼ਿਲ੍ਹੇ ਵਿੱਚ ਕੋਵਿਡ-19 ਦਾ ਕੋਈ ਵੀ ਪੌਜ਼ੀਟਿਵ ਕੇਸ ਸਾਹਮਣੇ ਨਹੀਂ ਆਇਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀਂ ਕੋਵਿਡ-19 ਦੀ ਜਾਂਚ ਲਈ 352 ਸੈਂਪਲ ਲਏ ਗਏ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ-19 ਦੀ ਜਾਂਚ ਲਈ 4584 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋ 119 ਕੋਰੋਨਾ ਪੌਜ਼ੀਟਿਵ, 4175 ਦੀ ਰਿਪੋਰਟ ਨੈਗੇਟਿਵ ਤੇ 290 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜ਼ੀਟਿਵ ਕੇਸਾ ਵਿੱਚੋਂ 2 ਪੌਜ਼ੀਟਿਵ ਕੇਸ ਦੀ ਮੌਤ ਹੋ ਚੁੱਕੀ ਹੈ ਤੇ 104 ਕੇਸ ਠੀਕ ਹੋ ਚੁੱਕੇ ਹਨ। ਉਨ੍ਹਾਂ ਦੱਸਿਆਂ ਕਿ ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 13 ਹੈ।
ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਟੇਟ ਤੋਂ ਹਾਸਲ ਰਿਪੋਰਟ ਅਨੁਸਾਰ ਜ਼ਿਲ੍ਹਾ ਪਟਿਆਲਾ ਦੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਿਛਲੇ ਹਫ਼ਤੇ 20 ਤੋਂ 27 ਮਈ ਤੱਕ 1657 ਕੋਵਿਡ ਸੈਂਪਲ ਲੈ ਕੇ ਜ਼ਿਲ੍ਹਾ ਪਟਿਆਲਾ ਰਾਜ ਭਰ ਵਿੱਚ ਮੋਹਰੀ ਰਿਹਾ ਹੈ।
ਇਸ ਲਈ ਸਿਹਤ ਵਿਭਾਗ ਦੀ ਸਾਰੀ ਹੀ ਟੀਮ ਵਧਾਈ ਦੀ ਪਾਤਰ ਹੈ। ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਰਾਜਪੁਰਾ ਦੇ ਰਹਿਣ ਵਾਲੇ 2 ਵਿਅਕਤੀ ਜੋ ਕਿ ਮਹਾਰਾਸ਼ਟਰਾ ਤੋਂ ਵਾਪਿਸ ਆਉਣ 'ਤੇ 18 ਮਈ ਨੂੰ ਕੋਵਿਡ ਪੌਜ਼ੀਟਿਵ ਆਏ ਸਨ। ਉਨ੍ਹਾਂ ਨੂੰ ਠੀਕ ਹੋਣ 'ਤੇ ਅੱਜ ਛੁੱਟੀ ਦੇ ਦਿੱਤੀ ਗਈ ਹੈ।